ਲੁਧਿਆਣਾ, 11 ਮਈ (ਭੁਪਿੰਦਰ ਸਿੰਘ ਬੈਂਸ)-ਭਾਜਪਾ ਮੁੱਖ ਦਫ਼ਤਰ ਦੇ ਬਾਹਰ ਐਤਵਾਰ ਦੁਪਹਿਰ ਆਮ ਆਦਮੀ ਪਾਰਟੀ ਅਤੇ ਭਾਜਪਾ ਵਰਕਰਾਂ ਵਿਚਾਲੇ ਹੋਏ ਟਕਰਾਅ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਨੂੰ ਤਾਲਾ ਲਗਾਉਣ ਜਾ ਰਹੇ ਭਾਜਪਾ ਵਰਕਰਾਂ ਤੇ ਆਗੂਆਂ ਦਾ ਪੁਲਿਸ ਨਾਲ ਜਬਰਦਸਤ ਤਕਰਾਰ ਕਾਰਨ ਉਥੇ ਸਥਿਤੀ ਤਣਾਅਪੂਰਨ ਬਣ ਗਈ | ਇਸ ਦੌਰਾਨ ਭਾਜਪਾ ਆਗੂਆਂ 'ਤੇ ਸਿਆਹੀ ਸੁੱਟਣ ਵਾਲੇ ਦੋ ਨੌਜਵਾਨਾਂ ਵਿਚੋਂ ਇਕ ਨੂੰ ਭਾਜਪਾ ਵਰਕਰਾਂ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ | ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਈ.ਡੀ. ਵਲੋਂ ਕੀਤੀ ਗਿ੍ਫ਼ਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਐਤਵਾਰ ਦੁਪਹਿਰ ਭਾਜਪਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਦੌਰਾਨ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਟਕਰਾਅ ਹੋ ਗਿਆ ਤੇ ਇਸ ਵਿਚ ਕੁੱਝ ਭਾਜਪਾ ਵਰਕਰਾਂ 'ਤੇ ਸੱਟਾਂ ਵੀ ਲੱਗੀਆਂ | ਅੱਜ ਸਵੇਰ ਤੋਂ ਹੀ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਭਾਜਪਾ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਭਾਜਪਾ ਵਰਕਰਾਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਹੋਈ, ਜਦਕਿ ਬਾਅਦ ਵਿਚ ਭਾਜਪਾ ਦੇ ਸੀਨੀਅਰ ਆਗੂਆਂ ਉਪਰ ਸਿਆਹੀ ਸੁੱਟੇ ਜਾਣ ਨਾਲ ਮਾਹੌਲ ਹੋਰ ਵੀ ਤਣਾਅਪੂਰਨ ਬਣ ਗਿਆ | ਪ੍ਰਦਰਸ਼ਨ ਵਿਚ ਭਾਜਪਾ ਦੇ ਸੀਨੀਅਰ ਆਗੂ ਗੁਰਦੇਵ ਸ਼ਰਮਾ ਦੇਬੀ, ਜੀਵਨ ਗੁਪਤਾ, ਅਨਿਲ ਸਰੀਨ, ਅਮਰਜੀਤ ਸਿੰਘ ਟਿੱਕਾ, ਪੁਸ਼ਪਿੰਦਰ ਸਿੰਗਲ, ਪ੍ਰਵੀਨ ਬਾਂਸਲ ਤੋਂ ਇਲਾਵਾ ਭਾਜਪਾ ਜ਼ਿਲਾ ਦਿਹਾਤੀ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ, ਜਸਪ੍ਰੀਤ ਸਿੰਘ ਹੌਬੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਪਹਿਲਾਂ ਭਾਰਤ ਨਗਰ ਚੌਕ ਨੇੜੇ ਇਕੱਠਾ ਕੀਤਾ ਗਿਆ | ਇਸਤੋਂ ਬਾਅਦ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਪੁਲਿਸ ਕਮਿਸ਼ਨਰ ਦਫ਼ਤਰ ਵੱਲ ਤੁਰ ਪਏ | ਜਿਵੇਂ ਹੀ ਭਾਜਪਾ ਆਗੂ ਅਤੇ ਵਰਕਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੁੱਜੇ ਤਾਂ ਉਨਾਂ ਨੇ ਬੈਰੀਕੇਡ ਹਟਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਪੁਲਿਸ ਅਤੇ ਭਾਜਪਾ ਵਰਕਰਾਂ ਵਿਚਾਲੇ ਧੱਕਾ-ਮੁੱਕੀ ਹੋ ਗਈ ਤੇ ਸਥਿਤੀ ਤਣਾਅਪੂਰਨ ਬਣ ਗਈ | ਮੌਕੇ 'ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਭਾਜਪਾ ਆਗੂਆਂ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਭਾਜਪਾ ਆਗੂਆਂ ਗੁਰਦੇਵ ਸ਼ਰਮਾ ਦੇਬੀ, ਜੀਵਨ ਗੁਪਤਾ, ਅਨਿਲ ਸਰੀਨ, ਰਜਨੀਸ਼ ਧੀਮਾਨ, ਗਗਨਦੀਪ ਸਿੰਘ ਸੰਨੀ ਕੈਂਥ, ਨਰਿੰਦਰ ਸਿੰਘ ਮੱਲੀ ਨੇ ਦੋਸ਼ ਲਗਾਇਆ ਕਿ ਇਕ ਦਿਨ ਪਹਿਲਾਂ ਭਾਜਪਾ ਦਫ਼ਤਰ ਦੇ ਬਾਹਰ ਆਪ ਵਰਕਰਾਂ ਵਲੋਂ ਕੀਤੀ ਗਈ ਕਥਿਤ ਗੁੰਡਾਗਰਦੀ ਦੌਰਾਨ ਪੁਲਿਸ ਨੇ ਉਨਾਂ ਨੰੂ ਰੋਕਣ ਦੀ ਬਜਾਏ ਪੂਰਾ ਸਮਰਥਨ ਕੀਤਾ | ਇਸ ਮੌਕੇ ਗੁਰਦੀਪ ਸਿੰਘ ਗੋਸ਼ਾ, ਪੂਨਮ ਰੱਤੜਾ, ਸ਼ੀਨੂ ਚੁੱਘ, ਰੀਨਾ ਜੈਨ, ਕੌਂਸਲਰ ਰੁਚੀ ਗੁਲਾਟੀ, ਡੋਲੀ ਗੋਸਾਈਾ, ਲੀਨਾ ਟਪਾਰੀਆ, ਸੁਨੀਲ ਚੋਪੜਾ, ਲੱਕੀ ਸ਼ਰਮਾ, ਕੌਂਸਲਰ ਸੁਨੀਲ ਮੌਦਗਿਲ, ਪਿੰਕੂ ਸ਼ਰਮਾ, ਡਾ. ਨਿਰਮਲ ਨਈਅਰ ਤੇ ਡਾ. ਸਤੀਸ਼ ਆਦਿ ਮੌਜੂਦ ਸਨ |
ਭਾਜਪਾ ਦੇ ਸੀਨੀਅਰ ਆਗੂਆਂ ਗੁਰਦੇਵ ਸ਼ਰਮਾ ਦੇਬੀ ਤੇ ਗੁਰਦੀਪ ਸਿੰਘ ਨੀਟੂ 'ਤੇ ਸੱੁਟੀ ਸਿਆਹੀ
ਰੋਸ ਪ੍ਰਦਰਸ਼ਨ ਤੋਂ ਬਾਅਦ ਉਸ ਵੇਲੇ ਹੰਗਾਮਾ ਹੋਰ ਵੱਧ ਗਿਆ, ਜਦੋਂ ਭਾਜਪਾ ਦੇ ਆਗੂਆਂ ਗੁਰਦੇਵ ਸ਼ਰਮਾ ਦੇਬੀ ਤੇ ਗੁਰਦੀਪ ਸਿੰਘ ਨੀਟੂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਦੋ ਨੌਜਵਾਨਾਂ ਵਲੋਂ ਉਨਾਂ ਉੱਪਰ ਸਿਆਹੀ ਸੁੱਟ ਦਿੱਤੀ | ਇਸ ਮੌਕੇ ਇਕ ਨੌਜਵਾਨ ਵਲੋਂ 'ਆਪ' ਦੇ ਨਾਅਰੇ ਵੀ ਲਗਾਏ ਗਏ | ਸਿਆਹੀ ਸੁੱਟਣ ਤੋਂ ਬਾਅਦ ਦੋਵੇਂ ਨੌਜਵਾਨ ਭੱਜਣ ਲੱਗੇ, ਭਾਜਪਾ ਵਰਕਰਾਂ ਨੇ ਇਕ ਨੌਜਵਾਨ ਨੂੰ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ, ਜਦਕਿ ਦੂਜਾ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ |
'ਆਪ' ਅਤੇ ਭਾਜਪਾ ਵਰਕਰਾਂ ਵਿਚਾਲੇ ਹੋਏ ਤਕਰਾਰ ਦਾ ਮਾਮਲਾ-ਪੁਲਿਸ-ਕਮਿਸ਼ਨਰ ਦਫ਼ਤਰ ਨੂੰ ਤਾਲਾ ਲਗਾਉਣ ਜਾ ਰਹੇ ਭਾਜਪਾ ਵਰਕਰਾਂ ਦਾ ਪੁਲਿਸ ਨਾਲ ਜ਼ਬਰਦਸਤ ਤਕਰਾਰ <br/>
ਰੋਸ ਪ੍ਰਦਰਸ਼ਨ ਤੋਂ ਬਾਅਦ ਸੀਨੀਅਰ ਭਾਜਪਾ ਆਗੂ ਗੁਰਦੀਪ ਸਿੰਘ ਨੀਟੂ 'ਤੇ ਸੁੱਟੀ ਸਿਆਹੀ | ਤਸਵੀਰ-ਸੇਵਕ ਸਿੰਘ <br/> ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਆਗੂ ਤੇ ਵਰਕਰਾਂ ਨੂੰ ਅੱਗੇ ਵੱਧਣ ਤੋਂ ਰੋਕਦੇ ਹੋਏ ਪੁਲਿਸ | ਤਸਵੀਰ : ਸੇਵਕ ਸਿੰਘ<br/>
12-05-2026