ਲੁਧਿਆਣਾ, 15 ਮਈ (ਜਤਿੰਦਰ ਭੰਬੀ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 21 ਮਈ ਨੂੰ ਪਾਰਕ ਪਲਾਜ਼ਾ ਵਿਖੇ ਹੋਣ ਵਾਲੇ ਸਟਾਰਟਅੱਪ ਸਮਾਗਮ ਐਵਾਰਡ-2026 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਇਹ ਸਮਾਗਮ ਲੁਧਿਆਣਾ ਐਂਜਲਜ ਨੈੱਟਵਰਕ ਦਾ ਇਕ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਨੇ ਸਟਾਰਟਅੱਪ ਖੇਤਰ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ | ਪਿਚਿੰਗ ਅਤੇ ਚਰਚਾਵਾਂ ਦੇ ਨਾਲ-ਨਾਲ ਇਸ ਵਿਚ 5 ਵੱਖ-ਵੱਖ ਸ਼੍ਰੇਣੀਆਂ ਵਿਚ ਇਨਾਮ ਵੀ ਦਿੱਤੇ ਜਾਂਦੇ ਹਨ | ਇਸ ਪ੍ਰੋਗਰਾਮ ਵਿਚ ਪ੍ਰਮੁੱਖ ਉਦਯੋਗ ਅਤੇ ਸਟਾਰਟਅੱਪ ਇਕ ਹੀ ਛੱਤ ਹੇਠ ਆ ਕੇ ਨਵੀਂ ਸੋਚ ਅਤੇ ਉਦਮਤਾ ਦੀ ਭਾਵਨਾ ਦਾ ਜਸ਼ਨ ਮਨਾਉਂਦੇ ਹਨ ਅਤੇ ਇਸ ਤਰ੍ਹਾਂ ਦੇਸ਼ ਦੇ ਲਗਾਤਾਰ ਵਿਕਸਿਤ ਹੋ ਰਹੇ ਉਦਮੀ ਦਿ੍ਸ਼ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਰਾਲਸਨ ਟਾਇਰਜ ਦੇ ਚੇਅਰਮੈਨ ਸੰਜੀਵ ਪਾਹਵਾ ਨੇ ਕਿਹਾ ਕਿ ਲੁਧਿਆਣਾ ਐਂਜਲਜ ਨੈੱਟਵਰਕ ਨਾਲ ਮਿਲ ਕੇ ਉਦਮਤਾ ਨੂੰ ਉਤਸ਼ਾਹਿਤ ਕਰਨ ਵਾਲੇ 'ਸਰਵੋਤਮ ਸੰਸਥਾਨ' ਨੂੰ ਇਨਾਮ ਦੇਣ ਵਿਚ ਸ਼ਾਮਲ ਹੋਣਾ ਉਨ੍ਹਾਂ ਲਈ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ | ਇਸ ਮੌਕੇ ਜੇ.ਆਰ.ਐਸ. ਈਸਟਮੈਨ ਦੇ ਮਾਲਕ ਜੇ.ਆਰ. ਸਿੰਘਲ, ਯੂ.ਐਮ. ਹੋਲਡਿੰਗਜ ਦੇ ਮਾਲਕ ਉਮੇਸ਼ ਮੁੰਜਾਲ ਅਤੇ ਸੈਂਟੇਕਸ ਇੰਟਰਨੈਸ਼ਨਲ ਦੇ ਚੇਅਰਮੈਨ ਵਿਨੀਤ ਸੂਦ ਵੀ ਹਾਜ਼ਰ ਸਨ | ਸਮਾਗਮ-2026 ਵਿਚ ਪੰਜਾਬ ਦੇ ਵਪਾਰ ਜਗਤ ਦੇ ਵੱਡੇ ਨਾਮ ਸ਼ਾਮਿਲ ਹੋਣਗੇ | ਵੱਖ-ਵੱਖ ਸੰਸਥਾਨ ਅਤੇ ਯੂਨੀਵਰਸਿਟੀਆਂ ਦੇ ਕੁਲਪਤੀ, ਨਿਰਦੇਸ਼ਕ, ਉਦਯੋਗਪਤੀ, ਸਟਾਰਟਅੱਪ ਸੰਸਥਾਪਕ, ਇਨੋਵੇਟਰ, ਅਧਿਕਾਰੀ ਅਤੇ ਨੀਤੀ ਨਿਰਮਾਤਾ ਆਦਿ ਇਸ ਇਨਾਮ ਸਮਾਰੋਹ ਦੇ ਸਾਖੀ ਬਣਨਗੇ | ਇਸ ਮੌਕੇ 300 ਤੋਂ ਵੱਧ ਲੋਕ ਸਟਾਰਟਅੱਪ ਇਕੋਸਿਸਟਮ ਨਾਲ ਜੁੜ ਕੇ ਪਿਚਿੰਗ ਸੁਣਨਗੇ ਅਤੇ ਉਦਮਤਾ ਦੀ ਭਾਵਨਾ ਦਾ ਜਸ਼ਨ ਮਨਾਉਣਗੇ | ਸਮਾਗਮ ਦੇ ਮੁੱਖ ਪ੍ਰੇਰਨਾ ਸਰੋਤ ਐਸ.ਕੇ. ਰਾਏ ਨੇ ਕਿਹਾ ਕਿ ਸਮਾਗਮ-2026 ਨੂੰ 'ਸਟਾਰਟਅੱਪ ਪੰਜਾਬ' ਵਲੋਂ ਪ੍ਰਯੋਜਿਤ ਕੀਤਾ ਗਿਆ ਹੈ, ਜਿਸ ਵਿਚ ਐਮ.ਬੀ.ਸੀ.ਈ., ਆਈ.ਸੀ.ਆਈ.ਸੀ.ਆਈ. ਬੈਂਕ, ਰਾਲਸਨ ਟਾਇਰਜ, ਈਸਟਮੈਨ ਇੰਡਸਟਰੀਜ਼, ਰਾਕਮੈਨ ਇੰਡਸਟਰੀਜ਼, ਸੈਂਟੇਕਸ ਇੰਟਰਨੈਸ਼ਨਲ ਅਤੇ ਹਾਈਵੇ ਇੰਡਸਟਰੀਜ਼ ਦਾ ਸਹਿਯੋਗ ਹੈ | ਇਹ ਲੁਧਿਆਣਾ ਨੂੰ ਉਦਯੋਗਪਤੀਆਂ ਅਤੇ ਮੈਨੰੂਫੈਕਚਰਿੰਗ ਸਟਾਰਟਅੱਪਸ ਦਾ ਅਜਿਹਾ ਸ਼ਹਿਰ ਬਣਾਉਣ ਦੀ ਲੰਬੀ ਯਾਤਰਾ ਦੀ ਸ਼ੁਰੂਆਤ ਹੈ, ਜਿਸਦਾ ਦੇਸ਼ ਵਿਚ ਕੋਈ ਸਾਨੀ ਨਹੀਂ ਹੋਵੇਗਾ |