ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖ਼ਿਲਾਫ਼ ਵੱਖ-ਵੱਖ ਮਾਮਲੇ ਰੱਦ ਕਰਵਾਉਣ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਐਤਵਾਰ ਨੂੰ ਲਾਡੋਵਾਲ ਟੋਲ ਪਲਾਜ਼ਾ ਤੋਂ ਇਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਆਗੂ ਪਰਮਜੀਤ ਸਿੰਘ ਜੌਹਲ, ਜਸਕਰਨ ਸਿੰਘ (ਕਾਹਨਸਿੰਘ ਵਾਲਾ) ਅਤੇ ਪਿ੍ਥੀਪਾਲ ਸਿੰਘ ਬਟਾਲਾ ਤੇ ਜਸਵੰਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 17 ਮਈ ਦਿਨ ਐਤਵਾਰ ਸਵੇਰੇ 9 ਵਜੇ ਕੱਢਿਆ ਜਾਣ ਵਾਲਾ ਰੋਸ ਮਾਰਚ ਲਾਡੋਵਾਲ ਟੋਲ ਪਲਾਜ਼ਾ ਤੋਂ ਸ਼ੁਰੂ ਹੋਵੇਗਾ ਅਤੇ ਢੋਲਣਵਾਲ ਪਿੰਡ ਸਮਾਪਤ ਹੋਵੇਗਾ | ਆਗੂਆਂ ਨੇ ਕਿਹਾ ਕਿ ਇਸ ਰੋਸ ਮਾਰਚ ਦਾ ਮੁੱਖ ਮਕਸਦ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਉੱਤੇ ਦਰਜ ਕੀਤੇ ਗਏ ਨਾਜਾਇਜ਼ ਮਾਮਲਿਆਂ ਨੂੰ ਰੱਦ ਕਰਵਾਉਣਾ ਅਤੇ ਪਾਰਟੀ ਦੇ ਸਿਧਾਂਤਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ | ਪਾਰਟੀ ਨੇ ਦੋਸ਼ ਲਗਾਇਆ ਕਿ ਕੁੱਝ ਤਾਕਤਾਂ ਵਲੋਂ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਸਾਖ ਨੂੰ ਨਕਾਰਾਤਮਿਕ ਤਰੀਕੇ ਨਾਲ ਪੇਸ਼ ਕੀਤਾ ਗਿਆ, ਪਰ ਹੁਣ ਲੋਕਾਂ ਨੂੰ ਸੱਚਾਈ ਦਾ ਅਹਿਸਾਸ ਹੋ ਚੁੱਕਾ ਹੈ | ਆਗੂਆਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 17 ਮਈ ਦੇ ਰੋਸ ਮਾਰਚ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਵਿਚ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਸਾਥ ਦੇਣ | ਇਸ ਮੌਕੇ 'ਤੇ ਹਰਪਾਲ ਸਿੰਘ ਕੋਹਲੀ ਹਨੀ ਸਿੰਗਲਾ ਗੁਰਨਾਮ ਸਿੰਘ, ਜਸਪਾਲ ਸਿੰਘ ਪਿ੍ੰਸ, ਅਮਲੋਕ ਸਿੰਘ, ਪਿ੍ੰਸ ਸੰਧੂ, ਰਵਿੰਦਰ ਸਿੰਘ, ਸੁਖਚੈਨ ਸਿੰਘ, ਜਸਕਰਨ ਸਿੰਘ ਸੰਧੂ, ਵਰਿੰਦਰ ਸਿੰਘ ਬਿੰਦਾ, ਰੋਸ਼ਨ ਸਿੰਘ ਸਾਗਰ, ਧਰਮਿੰਦਰ ਸਿੰਘ ਮਾਛੀਆ, ਭੋਲਾ ਸਿੰਘ ਮੰਗਲੀ ਅਤੇ ਰਘੁਬੀਰ ਸਿੰਘ ਆਦਿ ਮੌਜੂਦ ਸਨ |