ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਪੂਨਮ ਸਿੰਘ ਨੇ ਸੋਮਵਾਰ ਨੂੰ ਜ਼ਿਲ੍ਹਾ ਲੁਧਿਆਣਾ 'ਚ ਹੋਣ ਵਾਲੀ ਵੋਟਰ ਸੂਚੀ ਦੀ ਸਪੈਸ਼ਲ ਇਨਟੇਨਸਿਵ ਸੁਧਾਈ (ਐਸ.ਆਈ.ਆਰ) ਸੰਬੰਧੀ ਬੱਚਤ ਭਵਨ ਲੁਧਿਆਣਾ ਵਿਖੇ ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਰਜਿਸਟਰਡ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਅਤੇ ਰਜਿਸਟਰਡ ਗੈਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਨਮ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਸਪੈਸ਼ਲ ਇਨਟੇਨਸਿਵ ਸੁਧਾਈ (ਐਸ.ਆਈ.ਆਰ) ਸਬੰਧੀ ਨੋਟੀਫ਼ਿਕੇਸ਼ਨ 14 ਮਈ 2026 ਨੂੰ ਜਾਰੀ ਕੀਤਾ ਗਿਆ ਹੈ | ਜ਼ਿਲ੍ਹਾ ਲੁਧਿਆਣਾ ਵਿਚ ਹੁਣ ਤੱਕ 26,95,307 ਵੋਟਰ ਦਰਜ ਹਨ, ਜਿਨ੍ਹਾਂ ਵਿੱਚੋਂ 19,79,041 ਦੀ ਵੋਟਰ ਮੈਪਿੰਗ ਬੂਥ ਲੈਵਲ ਅਫ਼ਸਰਾਂ (ਬੀ.ਐਲਓਜ਼) ਵਲੋਂ ਕੀਤੀ ਜਾ ਚੁੱਕੀ ਹੈ ਜੋ ਕਿ ਵੋਟਰ ਸੂਚੀ ਦਾ 73.43 ਪ੍ਰਤੀਸ਼ਤ ਹੈ | ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਚੋਣ ਹਲਕਿਆਂ ਵਿਚ 2927 ਪੋਲਿੰਗ ਬੂਥ ਸਥਾਪਤ ਹਨ | ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਨਮ ਸਿੰਘ ਨੇ ਅੱਗੇ ਦੱਸਿਆ ਕਿ ਪੰਜਾਬ ਰਾਜ ਵਿਚ ਐਸ.ਆਈ.ਆਰ ਦਾ ਕੰਮ 15 ਜੂਨ 2026 ਤੋਂ ਸ਼ੁਰੂ ਕੀਤਾ ਜਾਣਾ ਹੈ | ਪੰਜਾਬ ਰਾਜ ਵਿਚ ਵੋਟਰ ਸੂਚੀ ਦੀ ਯੋਗਤਾ 1 ਅਕਤੂਬਰ, 2026 ਨਿਰਧਾਰਿਤ ਕੀਤੀ ਗਈ ਹੈ | ਜਿਸ ਅਨੁਸਾਰ 15 ਜੂਨ ਤੋਂ 24 ਜੂਨ ਤੱਕ ਤਿਆਰੀਆਂ, ਸਿਖਲਾਈ ਅਤੇ ਐਨੂਮਰੇਸ਼ਨ ਫਾਰਮਾਂ ਦੀ ਛਪਾਈ ਦਾ ਸਮਾਂ ਰਹੇਗਾ | 25 ਜੂਨ ਤੋਂ 24 ਜੁਲਾਈ ਤੱਕ ਬੂਥ ਲੈਵਲ ਅਫ਼ਸਰ (ਬੀ.ਐਲ.ਓ) ਘਰ-ਘਰ ਜਾ ਕੇ ਐਨੂਮਰੇਸ਼ਨ ਫਾਰਮਾਂ ਦੀ ਵੰਡ ਕਰਨਗੇ | ਐਨੂਮਰੇਸ਼ਨ ਫਾਰਮ ਵਿਚ ਵੋਟਰ ਦਾ ਸਾਰਾ ਵੇਰਵਾ ਹੋਵੇਗਾ ਅਤੇ ਬੀ.ਐਲ.ਓ ਤਿੰਨ ਵਾਰ ਵੋਟਰ ਦੇ ਘਰ ਦਾ ਦੌਰਾ ਕਰੇਗਾ | ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਤੀ ਪੋਲਿੰਗ ਬੂਥ 1200 ਤੋਂ ਵੱਧ ਵੋਟਾਂ ਵਾਲੇ ਬੂਥਾਂ ਦੀ ਰੈਸਨਾਲਾਈਜੇਸ਼ਨ 24 ਜੁਲਾਈ ਨੂੰ ਕੀਤੀ ਜਾਵੇਗੀ | ਇਸ ਦੌਰਾਨ ਜੇਕਰ ਕਿਸੇ ਪੋਲਿੰਗ ਬੂਥ ਦੀ ਇਮਾਰਤ ਤਬਦੀਲ ਹੋਣ ਵਾਲੀ ਹੈ ਜਾਂ ਕਿਸੇ ਪੋਲਿੰਗ ਬੂਥ ਦੀ ਇਮਾਰਤ ਦਾ ਨਾਮ ਸਹੀ ਕਰਨ ਵਾਲਾ ਹੈ ਉਸ ਨੂੰ ਵੀ ਦਰੁਸਤ ਕੀਤਾ ਜਾਵੇਗਾ | 31 ਜੁਲਾਈ ਨੂੰ ਵੋਟਰ ਸੂਚੀ ਦੀ ਡਰਾਫ਼ਟ ਪਬਲੀਕੇਸ਼ਨ ਕੀਤੀ ਜਾਵੇਗੀ ਅਤੇ 31 ਜੁਲਾਈ ਤੋਂ 30 ਅਗਸਤ ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ | ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 28 ਸਤੰਬਰ ਤੱਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵਲੋਂ ਕੀਤਾ ਜਾਵੇਗਾ ਅਤੇ 1 ਅਕਤੂਬਰ, 2026 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ | ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਸਮੇਂ ਬੂਥ ਲੈਵਲ ਅਫ਼ਸਰ (ਬੀ.ਐਲ.ਓ) ਆਪ ਦੇ ਘਰ ਐਨੂਮਰੇਸ਼ਨ ਫਾਰਮ ਦੇਣ ਲਈ ਆਉਂਦੇ ਹਨ ਤਾਂ ਉਸ ਨੂੰ ਇਸ ਸਬੰਧੀ ਜੋ ਵੀ ਭਾਰਤ ਚੋਣ ਕਮਿਸ਼ਨ ਦੇ 12 ਦਸਤਾਵੇਜ਼ਾਂ ਵਿੱਚੋਂ ਜਿਹੜੇ ਦਸਤਾਵੇਜ਼ ਲੋੜੀਂਦੇ ਹਨ ਉਹ ਮੁਹੱਈਆ ਕਰਵਾਏ ਜਾਣ ਅਤੇ ਬੀ.ਐਲ.ਓ ਦਾ ਇਸ ਮਹੱਤਵਪੂਰਨ ਕਾਰਜ ਵਿਚ ਸੰਪੂਰਨ ਸਹਿਯੋਗ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਵੋਟਰ ਆਪਣੀ ਵੋਟ ਦੇਖਣ ਲਈ ਚੋਣ ਕਮਿਸ਼ਨਰ ਦੀ ਵੈੱਬਸਾਈਟ 'ਤੇ ਆਪਣੇ ਮੋਬਾਈਲ 'ਤੇ ਡਾਊਨਲੋਡ ਕਰਕੇ ਦੇਖ ਸਕਦੇ ਹਨ | ਇਸ ਮੌਕੇ ਚੋਣ ਤਹਿਸੀਲਦਾਰ ਰਾਜਨ ਢੱਲ, ਚੋਣ ਕਾਨੂੰਗੋ ਅਸ਼ਵਨੀ ਕੁਮਾਰ ਅਤੇ ਜਗਤਾਰ ਸਿੰਘ ਵੀ ਮੌਜੂਦ ਸਨ |