ਲੁਧਿਆਣਾ, 18 ਮਈ (ਜਸਵਿੰਦਰ ਸਿੰਘ)-ਉਭਰਦੇ ਹੋਏ ਬੈਡਮਿੰਟਨ ਖਿਡਾਰੀ ਰੈਬਿਗੁਏਲ ਅੰਜੀ ਨੇ ਗੋਆ 'ਚ 13 ਮਈ ਤੋਂ 19 ਮਈ ਤੱਕ ਹੋਏ ਪ੍ਰਸਿੱਧ ਆਲ ਇੰਡੀਆ ਸਬ-ਜੂਨੀਅਰ ਰੈਂਕਿੰਗ ਟੂਰਨਾਮੈਂਟ ਦੇ ਅੰਡਰ-13 ਲੜਕਿਆਂ ਦੇ ਸਿੰਗਲਜ਼ ਵਰਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ ਹਾਸਿਲ ਕੀਤਾ | ਭਾਰਤ ਦੇ ਨੰਬਰ 9 ਰੈਂਕ ਵਾਲੇ ਇਸ 12 ਸਾਲਾ ਖਿਡਾਰੀ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੀ ਬਿਹਤਰੀਨ ਕਾਬਲੀਅਤ ਅਤੇ ਜਜ਼ਬੇ ਦਾ ਪ੍ਰਦਰਸ਼ਨ ਕੀਤਾ | ਉਸ ਦਾ ਸਫ਼ਰ ਸੈਮੀਫਾਈਨਲ ਵਿਚ ਭਾਰਤ ਦੇ ਨੰਬਰ 5 ਖਿਡਾਰੀ ਇਸ਼ਮੀਤ ਅਰੋੜਾ (ਮੱਧ ਪ੍ਰਦੇਸ਼) ਖ਼ਿਲਾਫ਼ ਤਿੰਨ ਸੈੱਟਾਂ ਦੇ ਰੋਮਾਂਚਕ ਮੁਕਾਬਲੇ ਵਿਚ ਰੁਕਿਆ | ਇਹ ਕਾਫ਼ੀ ਕਰੀਬੀ ਮੁਕਾਬਲਾ 22-24, 21-19, 15-21 ਨਾਲ ਸਮਾਪਤ ਹੋਇਆ | ਪੰਜਾਬ ਨਾਲ ਸੰਬੰਧਿਤ ਰੈਬਿਗੁਏਲ ਪਹਿਲਾਂ ਹੀ ਰਾਜ ਪੱਧਰ 'ਤੇ ਆਪਣੀ ਮਜ਼ਬੂਤ ਪਛਾਣ ਬਣਾ ਚੁੱਕਾ ਹੈ | ਉਹ ਅੰਡਰ-13 ਲੜਕਿਆਂ ਦੇ ਸਿੰਗਲਜ਼ ਵਰਗ ਵਿਚ ਮੌਜੂਦਾ ਪੰਜਾਬ ਸਟੇਟ ਚੈਂਪੀਅਨ ਹੈ ਅਤੇ 2024 ਵਿਚ ਅੰਡਰ-11, 2025 ਵਿਚ ਅੰਡਰ-13 ਅਤੇ 2026 ਵਿਚ ਵੀ ਲਗਾਤਾਰ ਆਪਣੇ ਖਿਤਾਬ ਜਿੱਤਣ ਦੀ ਸ਼ਾਨਦਾਰ ਲੜੀ ਜਾਰੀ ਰੱਖ ਰਿਹਾ ਹੈ | ਆਪਣੇ ਬੈਡਮਿੰਟਨ ਕਰੀਅਰ ਦੀ ਸ਼ੁਰੂਆਤ ਤੋਂ ਹੀ ਲੁਧਿਆਣਾ ਦੀ ਅਰੀਨਾ ਬੈਡਮਿੰਟਨ ਅਕੈਡਮੀ ਵਿਚ ਟਰੇਨਿੰਗ ਕਰ ਰਿਹਾ ਹੈ | ਆਪਣੇ ਕੋਚ ਅਨੁਸ਼ਾ ਤਿਵਾਰੀ ਅਤੇ ਆਨੰਦ ਤਿਵਾਰੀ ਦੀ ਮਾਹਿਰ ਰਹਿਨੁਮਾਈ ਹੇਠ ਉਸ ਨੇ ਰਾਸ਼ਟਰੀ ਪੱਧਰ 'ਤੇ ਲਗਾਤਾਰ ਉਚਾਈਆਂ ਹਾਸਿਲ ਕੀਤੀਆਂ ਹਨ | ਰਾਸ਼ਟਰੀ ਪੱਧਰ ਦੇ ਇਸ ਰੈਂਕਿੰਗ ਟੂਰਨਾਮੈਂਟ ਵਿਚ ਕਾਂਸੀ ਦਾ ਤਗਮਾ ਜਿੱਤਣਾ ਰੈਬਿਗੁਏਲ ਦੇ ਉਭਰਦੇ ਕਰੀਅਰ ਲਈ ਇਕ ਵੱਡੀ ਉਪਲਬਧੀ ਹੈ | ਉਸ ਦੀ ਇਹ ਉਪਲਬਧੀ ਨਾ ਸਿਰਫ਼ ਲੁਧਿਆਣਾ ਅਤੇ ਪੰਜਾਬ ਲਈ ਮਾਣ ਦੀ ਗੱਲ ਹੈ, ਸਗੋਂ ਦੇਸ਼ ਭਰ ਦੇ ਨੌਜਵਾਨ ਖਿਡਾਰੀਆਂ ਲਈ ਵੀ ਪ੍ਰੇਰਣਾਦਾਇਕ ਹੈ | ਉਸ ਦੀ ਇਸ ਕਾਮਯਾਬੀ 'ਤੇ ਬੈਡਮਿੰਟਨ ਐਸੋਸੀਏਸ਼ਨ ਲੁਧਿਆਣਾ ਦੀ ਸਕੱਤਰ ਡਾ. ਸੁਲਭਾ ਜਿੰਦਲ, ਰਾਸ਼ਟਰੀ ਬੈਡਮਿੰਟਨ ਕੋਚ ਮੰਗਤ ਰਾਏ ਸ਼ਰਮਾ, ਬੈਡਮਿੰਟਨ ਐਸੋਸੀਏਸ਼ਨ ਲੁਧਿਆਣਾ ਦੇ ਖ਼ਜ਼ਾਨਚੀ ਗਗਨ ਕਪਿਲਾ ਅਤੇ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵਲੋਂ ਰੈਬਿਗੁਏਲ ਨੂੰ ਵਧਾਈ ਦਿੱਤੀ ਗਈ ਅਤੇ ਉਸ ਦੀ ਮਿਹਨਤ, ਸਮਰਪਣ ਅਤੇ ਭਾਰਤੀ ਬੈਡਮਿੰਟਨ ਵਿਚ ਉਸ ਦੀ ਉਭਰਦੀ ਪ੍ਰਤਿਭਾ ਦੀ ਖੂਬ ਸਰਾਹਨਾ ਕੀਤੀ ਗਈ |