ਲੁਧਿਆਣਾ, 18 ਮਈ (ਜਸਵਿੰਦਰ ਸਿੰਘ)-ਪੀ.ਏ.ਯੂ. ਅਤੇ ਲੁਧਿਆਣਾ ਸਥਿਤ ਇਕ ਫਰਮ ਕਿੰਗ ਇੰਟਰਨੈਸ਼ਨਲ ਕਨੇਚ ਨੇ ਮੈਟ ਟਾਈਪ ਨਰਸਰੀ ਸੀਡਰ ਤਕਨੀਕ ਦੇ ਵਪਾਰੀਕਰਨ ਲਈ ਸਮਝੌਤੇ ਉੱਪਰ ਸਹੀ ਪਾਈ | ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਕਿੰਗ ਇੰਟਰਨੈਸ਼ਨਲ ਵਲੋਂ ਅਜੈਵਿੰਦਰ ਸਿੰਘ ਸਮਝੌਤੇ ਦੀਆਂ ਸ਼ਰਤਾਂ ਉੱਪਰ ਹਸਤਾਖਰ ਲਈ ਮੌਜੂਦ ਸਨ | ਖੇਤੀ ਇੰਜੀਨੀਅਰਿੰਗ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ ਅਤੇ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਤੋਂ ਇਲਾਵਾ ਪੀ.ਏ.ਯੂ. ਦੇ ਮਸ਼ੀਨਰੀ ਮਾਹਿਰ ਡਾ. ਮਹੇਸ਼ ਨਾਰੰਗ ਅਤੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਵੀ ਇਸ ਸਮੇਂ ਹਾਜ਼ਰ ਰਹੇ | ਡਾ. ਅਜਮੇਰ ਸਿੰਘ ਢੱਟ ਨੇ ਇਸ ਤਕਨਾਲੋਜੀ ਦੀ ਖੋਜ ਲਈ ਜ਼ਿੰਮੇਵਾਰ ਟੀਮ ਨੂੰ ਇਸ ਸਮਝੌਤੇ ਦੀ ਵਧਾਈ ਦਿੱਤੀ | ਡਾ. ਨਾਰੰਗ ਨੇ ਇਸ ਤਕਨੀਕ ਬਾਰੇ ਦੱਸਦਿਆਂ ਕਿਹਾ ਕਿ ਇਹ ਮਸ਼ੀਨ ਮੈਟ ਟਾਈਪ ਝੋਨੇ ਦੀ ਪਨੀਰੀ ਨੂੰ ਪ੍ਰਤੀ ਸਾਲ 150 ਤੋਂ 180 ਖੇਤਾਂ 'ਚ ਲਾ ਸਕਦਾ ਹੈ | ਰਵਾਇਤੀ ਹੱਥੀਂ ਤਰੀਕੇ ਦੇ ਮੁਕਾਬਲੇ ਇਸ ਨਾਲ 64-67 ਫ਼ੀਸਦੀ ਲਾਗਤ ਦੀ ਬੱਚਤ ਹੁੰਦੀ ਹੈ ਅਤੇ 92-94 ਫ਼ੀਸਦੀ ਤੱਕ ਮਜ਼ਦੂਰੀ ਬਚਦੀ ਹੈ | ਮਸ਼ੀਨ ਦੀ ਵਰਤੋਂ ਕਰਕੇ ਸਮੇਂ ਸਿਰ ਪਨੀਰੀ ਨੂੰ ਖੇਤ ਵਿਚ ਲਾਇਆ ਜਾ ਸਕਦਾ ਹੈ | ਡਾ. ਖੁਸ਼ਦੀਪ ਧਰਨੀ ਨੇ ਸਮਝੌਤੇ ਨਾਲ ਜੁੜੀਆਂ ਤਮਾਮ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ |