ਲੁਧਿਆਣਾ, 18 ਮਈ (ਡਾ. ਤਰਲੋਚਨ ਸਿੰਘ)-ਇੰਡੀਅਨ ਮੈਡੀਕਲ ਐਸੋਸੀਏਸ਼ਨ, ਲੁਧਿਆਣਾ ਵਲੋਂ ਆਈ.ਐਮ.ਏ. ਹਾਊਸ, ਭਾਈ ਰਣਧੀਰ ਸਿੰਘ ਨਗਰ ਵਿਖੇ ਨਿਊਰੋ ਸਰਜਰੀ ਦੇ ਭਵਿੱਖ ਅਤੇ ਵਰਕ ਲਾਈਫ਼ ਬੈਲੈਂਸ ਸਬੰਧੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦਾ ਕੇਂਦਰ ਨਿਊਰੋ ਸਰਜਰੀ ਅਤੇ ਸਪਾਈਨ ਸਰਜਰੀ 'ਚ ਆ ਰਹੀਆਂ ਨਵੀਆਂ ਤਕਨੀਕਾਂ ਦੇ ਨਾਲ-ਨਾਲ ਡਾਕਟਰਾਂ ਲਈ ਕੰਮ ਅਤੇ ਨਿੱਜੀ ਜੀਵਨ 'ਚ ਸੰਤੁਲਨ ਦੀ ਮਹੱਤਤਾ ਸੀ | ਸੈਮੀਨਾਰ ਦੀ ਸ਼ੁਰੂਆਤ ਡਾ. ਪੰਕਜ ਮਿੱਤਲ, ਫਾਈਨੈਂਸ ਸੈਕਟਰੀ, ਆਈ.ਐਮ.ਏ. ਲੁਧਿਆਣਾ ਵਲੋਂ ਸਾਰੇ ਡੈਲੀਗੇਟਸ ਅਤੇ ਮਹਿਮਾਨਾਂ ਦੇ ਸਵਾਗਤ ਨਾਲ ਹੋਈ | ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਾ. ਮਨੋਜ ਸੋਬਤੀ, ਪੈਟਰਨ, ਆਈ.ਐਮ.ਏ. ਲੁਧਿਆਣਾ ਨੇ ਨਿਯਮਤ ਸੈਮੀਨਾਰ ਗਤੀਵਿਧੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੇ ਅਕਾਦਮਿਕ ਪ੍ਰੋਗਰਾਮ ਡਾਕਟਰਾਂ ਦੇ ਗਿਆਨ ਵਿਚ ਵਾਧਾ ਕਰਦੇ ਹਨ ਅਤੇ ਨਾਲ ਹੀ ਮੈਡੀਕਲ ਭਾਈਚਾਰੇ ਵਿਚ ਆਪਸੀ ਸੰਬੰਧਾਂ ਅਤੇ ਸਮਾਜਿਕ ਜੁੜਾਅ ਨੂੰ ਵੀ ਮਜ਼ਬੂਤ ਕਰਦੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਚੁਣੌਤੀਪੂਰਨ ਸਮੇਂ ਵਿਚ ਡਾਕਟਰਾਂ ਵਿਚ ਇਕਜੁੱਟਤਾ, ਸੰਵਾਦ ਅਤੇ ਲਗਾਤਾਰ ਸਿੱਖਣ ਦੀ ਪ੍ਰਕਿਰਿਆ ਬਹੁਤ ਜ਼ਰੂਰੀ ਹੈ | ਸੈਮੀਨਾਰ ਵਿਚ ਮੁੱਖ ਅਕਾਦਮਿਕ ਭਾਸ਼ਨ ਡਾ. ਹਰਮਨ ਸੋਬਤੀ, ਸੀਨੀਅਰ ਕੰਸਲਟੈਂਟ ਨਿਊਰੋ ਸਰਜਨ ਅਤੇ ਸਪਾਈਨ ਸਰਜਨ ਵਲੋਂ ਦਿੱਤਾ ਗਿਆ | ਡਾ. ਪਵਨ ਢੀਂਗਰਾ, ਪ੍ਰਧਾਨ, ਆਈ.ਐਮ.ਏ. ਲੁਧਿਆਣਾ ਵਲੋਂ ਵਰਕ ਲਾਈਫ ਬੈਲੈਂਸ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾ. ਦਵਿੰਦਰਜੀਤ ਵਾਲੀਆ, ਡਾ. ਪੀ.ਐਸ. ਜੱਸਲ, ਡਾ. ਧੀਰਜ ਅਗਰਵਾਲ, ਡਾ. ਕਰਮਵੀਰ ਗੋਇਲ, ਡਾ. ਧੀਰੇਨ ਬੱਸੀ ਅਤੇ ਡਾ. ਪੰਕਜ ਮਿੱਤਲ ਸਮੇਤ ਸ਼ਹਿਰ ਦੇ ਕਈ ਸੀਨੀਅਰ ਅਤੇ ਨੌਜਵਾਨ ਡਾਕਟਰ ਹਾਜ਼ਰ ਸਨ | ਸੈਮੀਨਾਰ ਦੀ ਸਮਾਪਤੀ ਵਕਤਾਵਾਂ ਦੇ ਧੰਨਵਾਦ ਅਤੇ ਮੈਂਬਰਾਂ ਦੀ ਸਰਗਰਮ ਭਾਗੀਦਾਰੀ ਨਾਲ ਹੋਈ |