ਲਾਡੋਵਾਲ, 19 ਮਈ (ਬਲਬੀਰ ਸਿੰਘ ਰਾਣਾ)-ਅਮਰੀਕਾ- ਇਜਰਾਇਲ ਅਤੇ ਈਰਾਨ ਵਿਚ ਲੱਗੇ ਯੁੱਧ ਕਾਰਨ ਪੈਟਰੋਲ ਅਤੇ ਡੀਜ਼ਲ ਦੇ ਭਾਅ ਦਿਨੋਂ ਦਿਨ ਵਧਣ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ, ਇਸ ਵਧੇ ਰੇਟ ਨੇ ਨਾ ਕੇਵਲ ਕਾਰੋਬਾਰੀਆਂ ਨੂੰ ਪ੍ਰਭਾਵਿਤ ਕੀਤਾ, ਸਗੋਂ ਆਮ ਲੋਕਾਂ ਨੂੰ ਵੀ ਇਸ ਦੀ ਮਾਰ ਝੱਲਣੀ ਪੈ ਰਹੀ ਹੈ | ਇਹ ਵਿਚਾਰ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜਦੂਰ ਜਥੇਬੰਦੀ, ਪੰਜਾਬ ਦੇ ਸੂਬਾ ਵਾਈਸ ਪ੍ਰਧਾਨ ਜਸਪਾਲ ਸਿੰਘ ਜੱਸਾ ਨੂਰਪੁਰ ਬੇਟ ਨੇ ਇਕ ਬੈਠਕ ਦੌਰਾਨ ਗੱਲਬਾਤ ਕਰਦਿਆਂ ਸਾਂਝੇ ਕੀਤੇ | ਜੱਸਾ ਨੂਰਪੁਰ ਨੇ ਕਿਹਾ ਕਿ ਸਰਕਾਰ ਵਲੋਂ ਆਏ ਦਿਨ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਾ ਕੇ ਲੋਕਾਂ ਦੇ ਨੱਕ ਵਿਚ ਦਮ ਕਰ ਰੱਖਿਆ ਹੈ, ਜਿਸ ਨਾਲ ਆਏ ਦਿਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਦੇ ਪੈਟਰੋਲ, ਡੀਜ਼ਲ ਅਤੇ ਕਦੇ ਐਲ.ਪੀ.ਜੀ. ਗੈਸ ਦੇ ਰੇਟਾਂ ਵਿਚ ਵਾਧਾ ਕਰਨਾ ਕੋਈ ਸ਼ੁਭ ਸੰਕੇਤ ਨਹੀਂ ਹਨ, ਸੋ ਕੇਂਦਰ ਸਰਕਾਰ ਲੋਕਾਂ ਦਾ ਗਲਾ ਘੁੱਟਣ ਦੀ ਬਜਾਏ ਵਧਾਏ ਗਏ ਰੇਟਾਂ ਨੂੰ ਵਾਪਸ ਲਵੇ |