ਭੂੰਦੜੀ, 19 ਮਈ (ਕੁਲਦੀਪ ਸਿੰਘ ਮਾਨ)-ਪੁਲਿਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਕਲਾਂ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਲਈ ਸੌ ਫ਼ੀਸਦੀ ਨਤੀਜਾ ਹਾਸਿਲ ਕੀਤਾ ਹੈ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਦਵਿੰਦਰ ਕੌਰ ਤੱਤਲਾ ਨੇ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀ ਬਹੁਤ ਹੀ ਵਧੀਆ ਅੰਕਾਂ ਨਾਲ ਪਾਸ ਹੋਏ ਹਨ | ਸਾਇੰਸ ਗਰੁੱਪ ਵਿਚ ਹਰਲੀਨ ਕੌਰ ਨੇ 88 ਫ਼ੀਸਦੀ ਅੰਕ ਲੈ ਕੇ ਪਹਿਲਾ, ਹਰਸ਼ਦੀਪ ਕੌਰ ਨੇ 86 ਫ਼ੀਸਦੀ ਨਾਲ ਦੂਸਰਾ ਅਤੇ ਅਮਨਜੋਤ ਕੌਰ ਨੇ 84 ਫ਼ੀਸਦੀ ਅੰਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਕਾਮਰਸ ਗਰੁੱਪ ਵਿਚ ਹਰਨੂਰ ਸਿੰਘ ਨੇ 89 ਫ਼ੀਸਦੀ ਅੰਕ ਲੈ ਕੇ ਪਹਿਲਾ, ਜਸਪ੍ਰੀਤ ਕੌਰ ਨੇ 88 ਫ਼ੀਸਦੀ ਨਾਲ ਦੂਸਰਾ ਅਤੇ ਜਸਲੀਨ ਕੌਰ ਨੇ 87 ਫ਼ੀਸਦੀ ਨਾਲ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਆਰਟਸ ਗਰੁੱਪ ਵਿਚ ਸੁਖਜੀਤ ਕੌਰ ਨੇ 91 ਫ਼ੀਸਦੀ ਅੰਕ ਲੈ ਕੇ ਪਹਿਲਾ, ਜਸ਼ਨਪ੍ਰੀਤ ਕੌਰ ਨੇ 90 ਫ਼ੀਸਦੀ ਨਾਲ ਦੂਸਰਾ ਅਤੇ ਜੈਸਮੀਨ ਕੌਰ ਨੇ 89 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਸਕੂਲ ਟਰੱਸਟ ਦੇ ਚੇਅਰਮੈਨ ਡਾ: ਡੀ.ਆਰ. ਭੱਟੀ, ਬਾਬਾ ਪਰਮਜੀਤ ਸਿੰਘ, ਮੇਜਰ ਸਿੰਘ ਚੀਮਾ ਅਤੇ ਸੁਖਪਾਲ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ | ਪਰਿੰਸੀਪਲ ਸ਼੍ਰੀਮਤੀ ਦਵਿੰਦਰ ਕੌਰ ਤੱਤਲਾ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਹੌਂਸਲਾ ਅਫ਼ਜਾਈ ਕੀਤੀ | ਇਸ ਮੌਕੇ ਸਮੂਹ ਸਕੂਲ ਸਟਾਫ਼ ਨੇ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ |