ਆਲਮਗੀਰ, 19 ਮਈ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਵਲੋਂ ਪਾਰਟੀ ਵਰਕਰਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਮਕਸਦ ਨਾਲ ਹਲਕੇ ਦੇ ਪਿੰਡ ਜਸਪਾਲ ਬਾਂਗਰ ਤੋਂ ਪੰਜਾਬ ਜੋੜੋ ਪੈਦਲ ਯਾਤਰਾ ਦੀ ਆਰੰਭਤਾ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਵੈਦ ਨੇ ਦੱਸਿਆ ਕਿ ਪੰਜਾਬ ਜੋੜੋ ਪੈਦਲ ਯਾਤਰਾ ਪਾਰਟੀ ਹਾਈਕਮਾਨ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਹਰ ਹਲਕੇ ਵਿਚ ਸ਼ੁਰੂ ਕੀਤੀ ਗਈ ਹੈ | ਇਸੇ ਲੜੀ ਤਹਿਤ ਪੈਦਲ ਯਾਤਰਾ ਜਸਪਾਲ ਬਾਂਗਰ ਤੋਂ ਲੈ ਕੇ ਪਿੰਡ ਹਰਨਾਮਪੁਰਾ ਤੱਕ ਕੀਤੀ ਜਾ ਰਹੀ ਹੈ, ਜਿਸ ਦਾ ਮੁੱਖ ਮਕਸਦ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਇਕ ਮੰਚ 'ਤੇ ਲਿਆਉਣਾ ਹੈ | ਇਸ ਮੌਕੇ ਉਨ੍ਹਾਂ ਨੇ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਵੱਡੀਆਂ ਵਧੀਕੀਆਂ ਖ਼ਿਲਾਫ਼ ਡਟ ਕੇ ਖੜਨ ਵਾਲੇ ਵਰਕਰਾਂ ਨੇ ਸਾਫ਼ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਕਿਸੇ ਵੀ ਸਰਕਾਰੀ ਜਬਰ ਜ਼ੁਲਮ ਤੋਂ ਡਰਦੀ ਨਹੀਂ | ਇਸ ਮੌਕੇ ਕੁਲਦੀਪ ਸਿੰਘ ਵੈਦ ਨੇ ਦੱਸਿਆ ਕਿ ਇਸ ਪੰਜ ਕਿੱਲੋਮੀਟਰ ਦੀ ਪੈਦਲ ਯਾਤਰਾ ਦੌਰਾਨ ਪਿੰਡ ਵਾਸੀਆਂ ਨੂੰ ਮੌਜੂਦਾ 'ਆਪ' ਸਰਕਾਰ ਵਲੋਂ ਕੀਤੇ ਵਾਅਦੇ ਯਾਦ ਕਰਵਾਏ ਗਏ ਅਤੇ ਦੱਸਿਆ ਕਿ ਇਹ ਵਾਅਦੇ ਸਿਰਫ਼ ਇਸ਼ਤਿਹਾਰਾਂ ਵਿਚ ਪੂਰੇ ਹੋਏ ਹਨ, ਅਸਲੀਅਤ ਵਿਚ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ | ਇਸ ਮੌਕੇ ਸਾਬਕਾ ਵਿਧਾਇਕ ਵੈਦ ਨੇ ਕਿਹਾ ਕਿ ਯਾਤਰਾ ਦੌਰਾਨ ਪਿੰਡ ਦੇ ਲੋਕਾਂ ਨੂੰ ਮੌਜੂਦਾ ਸਰਕਾਰ ਦੀਆਂ ਵਾਅਦਾ ਖ਼ਿਲਾਫ਼ੀ ਸਬੰਧੀ ਜਾਗਰੂਕ ਕੀਤਾ ਗਿਆ | ਉਕਤ ਪੈਦਲ ਯਾਤਰਾ ਦੌਰਾਨ ਸਰੀਰ ਨੂੰ ਝੁਲਸਾਉਣ ਵਾਲੀ ਗਰਮੀ ਵਿਚ ਵੀ ਕਾਂਗਰਸੀ ਵਰਕਰਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਮਹਿਲਾ ਕਾਂਗਰਸ ਲੁਧਿਆਣਾ ਦਿਹਾਤੀ ਪ੍ਰਧਾਨ ਕਿਰਨਦੀਪ ਕੌਰ ਗਰੇਵਾਲ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋ, ਜਾਗਰ ਸਿੰਘ ਜਸਪਾਲ ਬਾਂਗਰ ਡਾਇਰੈਕਟਰ ਸ਼ੂਗਰ ਮਿੱਲ ਬੁੱਢੇਵਾਲ, ਲਖਵਿੰਦਰ ਸਿੰਘ ਸਰਪੰਚ, ਸੁਖਦੀਪ ਕੌਰ ਬਲਾਕ ਸੰਮਤੀ ਮੈਂਬਰ, ਹਰਜੀਤ ਕੌਰ ਗਰਚਾ, ਪਰਮਜੀਤ ਕੌਰ ਉਮੈਦਪੁਰ, ਹਰਪ੍ਰੀਤ ਕੌਰ ਗੋਪਾਲਪੁਰ, ਨੌਜਵਾਨ ਆਗੂ ਮਨਸੁਖਬੀਰ ਸਿੰਘ, ਹਰਜੋਤ ਸਿੰਘ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |