ਡਾਬਾ/ਲੁਹਾਰਾ, 19 ਮਈ (ਕੁਲਵੰਤ ਸਿੰਘ ਸੱਪਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਹਰਜਿੰਦਰ ਸਿੰਘ ਸੰਧੂ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਹਲਕਾ ਦੱਖਣੀ ਦੇ ਮੁਹੱਲਾ ਸੁਖਦੇਵ ਨਗਰ ਗਲੀ ਨੰਬਰ-8 ਸਟਾਰ ਰੋਡ ਲੁਹਾਰਾ ਵਿਖੇ ਇਕ ਭਰਵੀਂ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਹਲਕਾ ਦੱਖਣੀ ਦੇ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਸ. ਗਿਆਸਪੁਰਾ ਨੂੰ ਦੱਸਿਆ ਕਿ ਸੁਖਦੇਵ ਨਗਰ ਅਤੇ ਆਸ-ਪਾਸ ਦੀਆਂ ਗਲੀਆਂ ਬਹੁਤ ਖਦਸਾ ਹਾਲਤ ਵਿਚ ਹਨ, ਹਰ ਰੋਜ਼ ਕੋਈ ਨਾ ਕੋਈ ਡਿੱਗ ਕੇ ਸੱਟ ਲੁਆ ਲੈਂਦਾ ਹੈ | ਉਨ੍ਹਾਂ ਕਿਹਾ ਕਿ ਗਲੀਆਂ ਵਿਚ ਸਟਰੀਟ ਲਾਈਟਾਂ ਨਹੀਂ ਜੱਗਦੀਆਂ ਜਿਸ ਕਾਰਨ ਘਰਾਂ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ | ਇਸ ਮੌਕੇ ਜਸਪਾਲ ਗਿਆਸਪੁਰਾ ਨੇ ਇਹ ਗੱਲਾਂ ਸੁਣਨ ਉਪਰੰਤ ਕਿਹਾ ਕਿ ਝੂਠ ਦੀਆਂ ਗਾਰੰਟੀਆਂ ਦੇ ਨਾਲ ਬਣੀ ਮਾਨ ਸਰਕਾਰ ਪੁਰਾਣੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਬਜਾਏ ਨਿਤ ਨਵੇਂ ਬਿਆਨਾਂ ਦੇ ਨਾਲ ਡਰਾਮੇਬਾਜ਼ੀ ਕਰ ਰਹੀ ਹੈ | ਗਿਆਸਪੁਰਾ ਨੇ ਕਿਹਾ ਕਿ ਹਲਕਾ ਦੱਖਣੀ ਬਿਲਕੁਲ ਪੱਛੜ ਚੁੱਕਾ ਹੈ | ਗਿਆਸਪੁਰਾ ਨੇ ਕਿਹਾ ਕਿ ਅਗਾਮੀਂ ਆ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਹਲਕੇ ਵਿਚ ਸਰਕਾਰੀ ਸਕੂਲਾਂ ਨੂੰ ਅਪਗਰੇਟ ਕਰਵਾਇਆ ਜਾਵੇਗਾ ਅਤੇ ਇਲਾਕੇ 'ਚ ਪਾਰਕਾਂ ਬਣਾਈਆਂ ਜਾਣਗੀਆਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ | ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਜਸਪਾਲ ਗਿਆਸਪੁਰਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਸਮੇਂ ਹਰਜਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਸੋਹਲ, ਕੁਲਵੰਤ ਸਿੰਘ, ਦੀਪਕ ਅਰੋੜਾ, ਕੇਵਲ ਕਪੂਰ, ਸੋਨੂ ਬੇਦੀ, ਲਖਵਿੰਦਰ ਸਿੰਘ, ਮਨਦੀਪ ਅਤੇ ਸਾਰਾ ਸੁਖਦੇਵ ਨਗਰ ਮੁਹੱਲਾ ਹਾਜ਼ਰ ਸਨ |