ਆਟੋ ਰਿਕਸ਼ਾ ਲੁਟੇਰਾ ਗਰੋਹ ਦੇ 3 ਮੈਂਬਰ ਕਾਬੂ
ਅਜੀਤ ਡੈਸਕ
04-06-2026
ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਆਟੋ ਰਿਕਸ਼ਾ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਸਮਾਨ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਸਮੀਰ ਵਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਵਿਜੇ ਕੁਮਾਰ ਵਾਸੀ ਸ਼ਿਮਲਾਪੁਰੀ ਜਸਪ੍ਰੀਤ ਸਿੰਘ ਵਾਸੀ ਸ਼ਿਮਲਾਪੁਰੀ ਅਤੇ ਅਮਨਦੀਪ ਸਿੰਘ ਵਾਸੀ ਸੂਰਜ ਨਗਰ ਸ਼ਾਮਿਲ ਹਨ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਆਟੋ 10 ਮੋਬਾਇਲ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ | ਵਿਜੇ ਕੁਮਾਰ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਚਾਰ ਮੁਕੱਦਮੇ ਦਰਜ ਹਨ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਸਵਾਰੀਆਂ ਨੂੰ ਆਪਣੇ ਆਟੋ ਵਿਚ ਬਿਠਾ ਲੈਂਦੇ ਸਨ ਅਤੇ ਸੁੰਨਸਾਨ ਥਾਂ 'ਤੇ ਲਿਜਾ ਕੇ ਉਨ੍ਹਾਂ ਨਾਲ ਲੁੱਟ ਖੋਹ ਕਰ ਲੈਂਦੇ ਸਨ | ਬੀਤੇ ਦਿਨ ਇਨ੍ਹਾਂ ਨੇ ਇਸਰਾਫਿਲ ਵਾਸੀ ਉੱਤਰ ਪ੍ਰਦੇਸ਼ ਨਾਮੀ ਨੌਜਵਾਨ ਤੋਂ ਉਸਦਾ ਮੋਬਾਇਲ ਅਤੇ ਹੋਰ ਸਮਾਨ ਲੁੱਟ ਲਿਆ ਸੀ ਤੇ ਫਰਾਰ ਹੋ ਗਏ ਸਨ | ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਅਜਿਹੀਆਂ ਕਈ ਵਾਰ ਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਜੇਕਰ ਕੋਈ ਹੋਰ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ |