ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਕਾਕੋਵਾਲ ਰੋਡ 'ਤੇ ਇਕ ਮੰਦਿਰ ਵਿਚ ਹੋ ਰਹੇ ਬਾਲ ਵਿਆਹ ਨੂੰ ਲੋਕਾਂ ਨੇ ਰੁਕਵਾ ਦਿੱਤਾ ਅਤੇ ਇਸ.ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਜਾਣਕਾਰੀ ਅਨੁਸਾਰ ਘਟਨਾ ਅੱਜ ਉਸ ਵਕਤ ਵਾਪਰੀ ਜਦੋਂ ਕਾਕੋਵਾਲ ਰੋਡ ਸਥਿਤ ਇਕ ਮੰਦਿਰ ਵਿਚ ਕਥਿਤ ਤੌਰ 'ਤੇ ਨਬਾਲਗ ਲੜਕੀ ਦੀ ਸ਼ਾਦੀ ਦੀਆਂ ਰਸਮਾਂ ਚੱਲ ਰਹੀਆਂ ਸਨ | ਇਸ ਦੌਰਾਨ ਉੱਥੇ ਕੁਝ ਲੋਕਾਂ ਨੂੰ ਇਸ ਸੰਬੰਧੀ ਪਤਾ ਲੱਗਾ ਤਾਂ ਲੋਕਾਂ ਵਲੋਂ ਇਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਗਈ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸੰਬੰਧਿਤ ਧਿਰਾਂ ਨੂੰ ਥਾਣੇ ਬੁਲਾਇਆ ਗਿਆ | ਬਾਅਦ ਵਿਚ ਇਨ੍ਹਾਂ ਦੋਵਾਂ ਧਿਰਾਂ ਨੂੰ ਪੁਲਿਸ ਵਲੋਂ ਕੋਈ ਵੀ ਕਾਰਵਾਈ ਕੀਤੇ ਬਿਨ੍ਹਾਂ ਛੱਡ ਦਿੱਤਾ ਗਿਆ, ਜਿਸ ਕਾਰਨ ਉੱਥੇ ਲੋਕਾਂ ਵਿਚ ਰੋਸ ਵੀ ਪਾਇਆ ਜਾ ਰਿਹਾ ਸੀ | ਇਸ ਦੌਰਾਨ ਜਾਂਚ ਕਰ ਰਹੇ ਅਧਿਕਾਰੀ ਐਸ ਐਚ ਓ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ ਹੈ ਅਤੇ ਸੰਬੰਧਿਤ ਧਿਰਾਂ ਨੂੰ ਉਮਰ ਦੇ ਦਸਤਾਵੇਜ਼ਾਂ ਲਿਆਉਣ ਲਈ ਕਿਹਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਾਂਚ ਮੁਕੰਮਲ ਹੋਣ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |