ਢੰਡਾਰੀ ਕਲਾਂ/ਲੁਧਿਆਣਾ, 3 ਜੂਨ (ਜਸਵੀਰ ਸਿੰਘ ਬੰਗਾ)-ਉਦਯੋਗਿਕ ਇਲਾਕੇ ਸੀ 'ਚ ਲੱਗ ਰਹੇ ਅਣ-ਐਲਾਨੇ ਬਿਜਲੀ ਦੇ ਕੱਟਾਂ ਕਾਰਨ ਉਦਯੋਗਪਤੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਿਜਲੀ ਕੱਟਾਂ ਦੇ ਨਾਲ-ਨਾਲ ਲੇਬਰ ਦੀ ਘਾਟ ਅਤੇ ਦਿਨ-ਬ-ਦਿਨ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੇ ਚਿਹਰਿਆਂ ਤੇ ਚਿੰਤਾ ਦੀਆਂ ਲਕੀਰਾਂ ਨੂੰ ਹੋਰ ਵੀ ਡੰੂਘਾ ਕਰ ਦਿੱਤਾ ਹੈ | ਕਈ-ਕਈ ਘੰਟੇ ਬਿਜਲੀ ਦੇ ਕੱਟ ਲੱਗਣ ਕਾਰਨ ਜਿੱਥੇ ਉਦਯੋਗਪਤੀਆਂ ਦੇ ਕੰਮ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉਥੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਆਏ ਦਿਨ ਹੋ ਰਹੇ ਵਾਧੇ ਕਾਰਨ ਉਨ੍ਹਾਂ ਨੂੰ ਦੁੱਗਣੀ ਮਾਰ ਝੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਲੁਧਿਆਣਾ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੁੱਲ ਢਾਂਡਾ, ਵਿਸ਼ਵਕਰਮਾ ਇੰਡਸਟਰੀਅਲ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਰਿੰਕਾ, ਗੁਰੂ ਕ੍ਰਿਪਾ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਬੱਤਾ ਤੇ ਜਸਪਾਲ ਬਾਂਗਰ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੱਕੜ ਨੇ ਕਿਹਾ ਕਿ ਗਿਆਸਪੁਰਾ, ਢੰਡਾਰੀ ਕਲਾਂ, ਇਸਟਮੈਨ ਚੌਕ, ਜਸਪਾਲ ਬਾਂਗਰ, ਕੰਗਣਵਾਲ ਸਮੇਤ ਅਨੇਕਾਂ ਇਲਾਕਿਆਂ 'ਚ ਬਿਜਲੀ ਦੇ ਅਣ-ਐਲਾਨੇ ਕੱਟ ਲੱਗ ਰਹੇ ਹਨ, ਜਿਸ ਕਾਰਨ ਉਦਯੋਗਪਤੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲੇਬਰ ਦੀ ਘਾਟ ਨਾਲ ਉਦਯੋਗਪਤੀ ਜੂਝ ਰਹੇ ਹਨ, ਉਲਟਾ ਹੁਣ ਬਿਜਲੀ ਦੇ ਲੱਗ ਰਹੇ ਅਣ-ਐਲਾਨੇ ਕੱਟਾਂ ਕਾਰਨ ਉਨ੍ਹਾਂ ਦਾ ਕਾਰੋਬਾਰ ਲਗਭਗ ਠੱਪ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ | ਉਦਯੋਗਪਤੀਆਂ ਨੇ ਕਿਹਾ ਕਿ ਬਿਨਾਂ ਕੋਈ ਅਗਾੳਾੂ ਸੂਚਨਾ ਦਿੱਤੇ ਹੀ ਬਿਜਲੀ ਦੇ ਕੱਟ ਲਗਾ ਦਿੱਤੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਜੈੱਨਰੇਟਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਪਰ ਪੈਟਰੋਲ-ਡੀਜ਼ਲ ਦੀਆਂ ਆਏ ਦਿਨ ਵੱਧ ਰਹੀਆਂ ਕੀਮਤਾਂ ਕਾਰਨ ਫ਼ੈਕਟਰੀਆਂ ਦੇ ਕੰਮਕਾਰ ਚਲਾਉਣ ਲਈ ਜਨਰੇਟਰ ਦਾ ਸਹਾਰਾ ਲੈਣ ਪੈਂਦਾ ਹੈ, ਜਿਸ ਦੀਆਂ ਲਾਗਤਾਂ ਵਿਚ ਪਹਿਲਾਂ ਨਾਲੋਂ ਬਹੁਤ ਵਾਧਾ ਹੋ ਗਿਆ ਹੈ | ਦੂਜੇ ਪਾਸੇ ਤਿਆਰ ਮਾਲ ਦੀਆਂ ਕੀਮਤਾਂ ਵਿਚ ਵਾਧਾ ਸੰਭਵ ਨਹੀਂ ਹੈ, ਕਿਉਂਕਿ ਬਾਜ਼ਾਰ ਵਿਚ ਪਹਿਲਾਂ ਹੀ ਚੀਨੀ ਵਸਤਾਂ ਕਾਰਨ ਮੁਕਾਬਲਾ ਕਾਫ਼ੀ ਸਖ਼ਤ ਚੱਲ ਰਿਹਾ ਹੈ | ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਟਰਾਂਸਪੋਟੇਸ਼ਨ ਦੀਆਂ ਲਾਗਤਾਂ ਵਿਚ ਵੀ ਕਾਫ਼ੀ ਵਾਧਾ ਹੋ ਗਿਆ ਹੈ, ਜਿਸ ਨਾਲ ਉਦਯੋਗਪਤੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਬਾਜ਼ਾਰ ਵਿਚ ਚੱਲ ਰਹੀਆਂ ਕਿਆਸ-ਆਰਾਈਆਂ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਹੋਰ ਵਾਧਾ ਸੰਭਵ ਹੈ, ਜਿਸ ਨੰੂ ਲੈਕੇ ਉਦਯੋਗਪਤੀਆਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਹੋਰ ਡੁੰਗੀਆਂ ਹੋ ਗਈਆਂ ਹਨ | ਉਦਯੋਗਪਤੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਜਾਵੇ ਤਾਂ ਜੋ ਉਦਯੋਗਾਂ ਨੂੰ ਰਾਹਤ ਮਿਲ ਸਕੇ |