ਲੁਧਿਆਣਾ, 4 ਜੂਨ (ਡਾ. ਤਰਲੋਚਨ ਸਿੰਘ)-ਖੁਰਾਕ ਸੁਰੱਖਿਆ ਟੀਮ ਵਲੋਂ ਲੋਕਾਂ ਨੂੰ ਸੁਰੱਖਿਅਤ ਅਤੇ ਗੁਣਵੱਤਾ ਭੋਜਨ ਪਦਾਰਥ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਅੱਜ ਸਵੇਰੇ ਤੜਕੇ ਸਬਜ਼ੀ ਮੰਡੀ ਵਿਖੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ | ਜਾਂਚ ਦੌਰਾਨ ਟੀਮ ਵਲੋਂ ਵੱਖ-ਵੱਖ ਫੂਡ ਬਿਜ਼ਨਸ ਆਉਟਲੈੱਟਾਂ ਤੋਂ ਪਨੀਰ ਦੇ 2 ਨਮੂਨੇ ਲੈ ਕੇ ਵਿਸਥਾਰਪੂਰਵਕ ਪ੍ਰਯੋਗਸ਼ਾਲਾ ਜਾਂਚ ਲਈ ਭੇਜੇ ਗਏ | ਪਨੀਰ ਦੀ ਗੁਣਵੱਤਾ ਸੰਬੰਧੀ ਸ਼ੱਕ ਦੇ ਆਧਾਰ 'ਤੇ ਜਨ ਸਿਹਤ ਦੀ ਰੱਖਿਆ ਅਤੇ ਇਸ ਦੀ ਮਾਰਕੀਟ 'ਚ ਵਿੱਕਰੀ ਨੂੰ ਰੋਕਣ ਲਈ ਲਗਭਗ 32 ਕਿੱਲੋਗ੍ਰਾਮ ਪਨੀਰ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ | ਜਾਂਚ ਦੌਰਾਨ ਲਏ ਗਏ ਨਮੂਨਿਆਂ ਨੂੰ ਰਾਜ ਖੁਰਾਕ ਜਾਂਚ ਪ੍ਰਯੋਗਸ਼ਾਲਾ 'ਚ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ | ਪ੍ਰਯੋਗਸ਼ਾਲਾ ਰਿਪੋਰਟਾਂ ਪ੍ਰਾਪਤ ਹੋਣ ਉਪਰੰਤ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ 2006 ਦੇ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਖਪਤਕਾਰਾਂ ਦੀ ਸਿਹਤ ਦੀ ਸੁਰੱਖਿਆ ਅਤੇ ਖੁਰਾਕ ਸੁਰੱਖਿਆ ਮਿਆਰਾਂ ਦੀ ਸਖ਼ਤੀ ਨਾਲ ਪਾਲਨਾ ਯਕੀਨੀ ਬਣਾਉਣ ਲਈ ਵਚਨਬੱਧ ਹੈ | ਉਨ੍ਹਾਂ ਨੇ ਫੂਡ ਬਿਜ਼ਨਸ ਅਪਰੇਟਰਾਂ ਨੂੰ ਸਫ਼ਾਈ ਅਤੇ ਗੁਣਵੱਤਾ ਮਾਪਦੰਡਾਂ ਦੀ ਪਾਲਨਾ ਕਰਨ ਦੀ ਅਪੀਲ ਕੀਤੀ ਅਤੇ ਖਪਤਕਾਰਾਂ ਨੂੰ ਸਿਰਫ਼ ਭਰੋਸੇਯੋਗ ਸਰੋਤਾਂ ਤੋਂ ਹੀ ਖਾਦ ਪਦਾਰਥ ਖਰੀਦਣ ਦੀ ਸਲਾਹ ਦਿੱਤੀ |