ਪਠਾਨਕੋਟ, 4 ਜੂਨ (ਸੰਧੂ)-ਸਿੱਖਿਆ ਤੇ ਹੁਨਰ ਵਿਕਾਸ ਦੇ ਖੇਤਰ 'ਚ ਇਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦਾ ਲਰਨਿੰਗ ਸਪੋਰਟ ਸੈਂਟਰ ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ, ਪਠਾਨਕੋਟ ਵਿਚ ਸ਼ੁਰੂ ਕੀਤਾ ਗਿਆ ਹੈ | ਇਸ ਸੈਂਟਰ ਰਾਹੀਂ ਓਪਨ ਤੇ ਡਿਸਟੈਂਸ ਲਰਨਿੰਗ ਪ੍ਰਣਾਲੀ ਅਧੀਨ ਵਿਦਿਆਰਥੀਆਂ ਲਈ ਰੁਜ਼ਗਾਰ ਮੁਖੀ ਤੇ ਹੁਨਰ ਆਧਾਰਿਤ ਪੰਜ ਨਵੇਂ ਕੋਰਸ ਉਪਲੱਬਧ ਕਰਵਾਏ ਗਏ ਹਨ | ਇਨ੍ਹਾਂ 'ਚ ਜੀ.ਐਸ.ਟੀ. ਫਾਈਲਿੰਗ, ਸਟਾਕ ਮਾਰਕੀਟ ਟਰੇਡਿੰਗ, ਏ.ਆਈ. ਤੇ ਡਾਟਾ ਸਾਇੰਸ, ਅੰਗਰੇਜ਼ੀ ਮੁਹਾਰਤ ਤੇ ਲਾਇਬ੍ਰੇਰੀ ਸਾਇੰਸ ਦੇ ਸਰਟੀਫਿਕੇਟ ਤੇ ਡਿਪਲੋਮਾ ਕੋਰਸ ਸ਼ਾਮਿਲ ਹਨ | ਇਹ ਕੋਰਸ 6 ਮਹੀਨੇ ਤੋਂ ਇਕ ਸਾਲ ਦੀ ਮਿਆਦ ਦੇ ਹਨ ਅਤੇ 10+2 ਪਾਸ ਕੋਈ ਵੀ ਵਿਦਿਆਰਥੀ ਇਨ੍ਹਾਂ ਵਿਚ ਦਾਖ਼ਲਾ ਲੈ ਸਕਦਾ ਹੈ | ਵਿਸ਼ੇਸ਼ ਗੱਲ ਇਹ ਹੈ ਕਿ ਇਨ੍ਹਾਂ ਕੋਰਸਾਂ ਲਈ ਕਿਸੇ ਵੀ ਤਰ੍ਹਾਂ ਦੀ ਉਮਰ ਸੀਮਾ ਨਿਰਧਾਰਿਤ ਨਹੀਂ ਕੀਤੀ ਗਈ | ਕਾਲਜ ਦੀ ਪਿ੍ੰਸੀਪਲ ਡਾ: ਪਿ੍ਅੰਕਾ ਚੁੱਘ ਨੇ ਦੱਸਿਆ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ਵਿਚ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਵਿਸ਼ੇਸ਼ ਹੁਨਰ ਵੀ ਸਫਲ ਕਰੀਅਰ ਲਈ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੀ ਨਿਯਮਿਤ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਦੇ ਨਾਲ-ਨਾਲ ਇਹ ਸਰਟੀਫਿਕੇਟ ਤੇ ਡਿਪਲੋਮਾ ਕੋਰਸ ਕਰਕੇ ਆਪਣੇ ਗਿਆਨ ਤੇ ਯੋਗਤਾਵਾਂ ਵਿਚ ਵਾਧਾ ਕਰ ਸਕਦੇ ਹਨ | ਡਾ: ਚੁੱਘ ਨੇ ਕਿਹਾ ਕਿ ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਪਠਾਨਕੋਟ ਦੀ ਸਿੱਖਿਆ ਜਗਤ 'ਚ ਇਕ ਵਿਲੱਖਣ ਪਹਿਚਾਣ ਹੈ ਤੇ ਸੰਸਥਾ ਹਮੇਸ਼ਾ ਵਿਦਿਆਰਥੀਆਂ ਨੂੰ ਸਮੇਂ ਦੀਆਂ ਲੋੜਾਂ ਅਨੁਸਾਰ ਨਵੇਂ ਤੇ ਉਪਯੋਗੀ ਕੋਰਸ ਮੁਹੱਈਆ ਕਰਵਾਉਣ ਲਈ ਵਚਨਬੱਧ ਰਹੀ ਹੈ |