ਫੁੱਲਾਂਵਾਲ, 4 ਜੂਨ (ਮਨਜੀਤ ਸਿੰਘ ਦੁੱਗਰੀ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਦਾਦ ਦੇ ਸੂਆ ਰੋਡ ਸੈਂਟਰਲ ਟਾਊਨ ਲਾਗੇ ਇਕ ਤਿੰਨ ਮੰਜ਼ਲੀ ਇਮਾਰਤ ਵਿਚ ਤੀਜੀ ਮੰਜ਼ਿਲ 'ਤੇ ਬਰਾਂਡੇ 'ਚ ਪੱਖੇ ਦੀ ਹੁੱਕ ਨਾਲ ਚੁੰਨੀ ਦੇ ਸਹਾਰੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਚੌਕੀ ਲਲਤੋਂ ਕਲਾਂ ਦੇ ਇੰਚਾਰਜ ਸਹਾਇਕ ਥਾਣੇਦਾਰ ਸਾਰਜ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਖੁਦਕੁਸ਼ੀ ਕਰਨ ਵਾਲੇ ਦੀ ਪਛਾਣ ਮਨੋਜ ਕੁਮਾਰ, ਉਮਰ 45 ਸਾਲ, ਵਾਸੀ ਦਾਦ ਵਜੋਂ ਹੋਈ ਹੈ | ਮਰਨ ਵਾਲਾ ਵਿਅਕਤੀ ਡਿਸਪਰੈਸ਼ਨ ਦਾ ਮਰੀਜ਼ ਸੀ ਅਤੇ ਇਸ ਇਮਾਰਤ ਵਿਚ ਇਕੱਲਾ ਹੀ ਰਹਿੰਦਾ ਸੀ | ਉਥੋਂ ਗੁਜ਼ਰਨ ਵਾਲੇ ਰਾਹਗੀਰਾਂ ਨੇ ਵਰਾਂਡੇ ਵਿਚ ਪੱਖੇ ਦੀ ਹੁੱਕ ਨਾਲ ਲਟਕਦੇ ਵਿਅਕਤੀ ਨੂੰ ਦੇਖਿਆ ਤਾਂ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਕਰਦਿਆਂ ਅਗਲੇਰੀ ਕਾਰਵਾਈ ਲਈ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਹੈ |