ਲੁਧਿਆਣਾ, 4 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਵਲੋਂ ਇਹਨਾਂ ਮਾਮਲਿਆਂ ਵਿਚ ਅੱਠ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ | ਪਹਿਲੇ ਮਾਮਲੇ ਵਿਚ ਪੁਲਿਸ ਨੇ ਅਰੁਨ ਉਰਫ ਰਜੀਵ ਵਾਸੀ ਮੇਹਰਬਾਨ, ਮਨੀਸ਼ ਕੁਮਾਰ ਉਰਫ ਕਾਮਾ ਵਾਸੀ ਟਿੱਬਾ ਰੋਡ ਅਤੇ ਮਨੀਸ਼ ਉਰਫ ਬਿੰਦੀ ਵਾਸੀ ਚੰਦਰ ਲੋਕ ਕਾਲੋਨੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 200 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ | ਬਰਾਮਦ ਕੀਤੀ ਹੈਰੋਇਨ ਦੀ ਕੀਮਤ ਇਕ ਕਰੋੜ ਰੁਪਏ ਦੱਸੀ ਜਾਂਦੀ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਇਸੇ ਧੰਦੇ ਵਿਚ ਸਨ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਇਹ ਹੈਰੋਇਨ ਸਪਲਾਈ ਕਰਦੇ ਸਨ | ਦੂਜੇ ਮਾਮਲੇ ਵਿਚ ਪੁਲਿਸ ਨੇ ਸੋਨੀ ਯਾਦਵ ਵਾਸੀ ਵਿਸ਼ਵਕਰਮਾ ਕਾਲੋਨੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਅੱਠ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਨੇ ਕਥਿਤ ਦੋਸ਼ੀ ਨੂੰ ਸ਼ੇਰਪੁਰ ਚੌਕ ਨੇੜਿਉਂ ਕਾਬੂ ਕੀਤਾ ਗਿਆ ਹੈ | ਤੀਜੇ ਮਾਮਲੇ ਵਿਚ ਪੁਲਿਸ ਨੇ ਹਰਦੀਪ ਸਿੰਘ ਉਰਫ ਦੀਪੀ ਵਾਸੀ ਜਗੀਰਪੁਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 500 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ | ਪੁਲਿਸ ਨੇ ਉਸ ਨੂੰ ਸਰਪੰਚ ਕਾਲੋਨੀ ਨੇੜਿਉਂ ਕਾਬੂ ਕੀਤਾ ਹੈ | ਚੌਥੇ ਮਾਮਲੇ ਵਿਚ ਪੁਲਿਸ ਨੇ ਬਲਜਿੰਦਰ ਸਿੰਘ ਉਰਫ ਮਹਿੰਦਰ ਸਿੰਘ ਵਾਸੀ ਪਿੰਡ ਚੌਤਾ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਰਜੀਵ ਕੁਮਾਰ ਉਰਫ ਚਿੰਟੂ ਵਾਸੀ ਢੰਡਾਰੀ ਖੁਰਦ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 100 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ | ਪੁਲਿਸ ਨੇ ਉਸ ਨੂੰ ਢੰਡਾਰੀ ਖੁਰਦ ਨੇੜਿਉਂ ਹੀ ਕਾਬੂ ਕੀਤਾ ਗਿਆ ਹੈ | ਥਾਣਾ ਮਿਹਰਬਾਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁੱਜਰ ਭਵਨ ਨੇੜੇ ਪੁਲਿਸ ਨੇ ਜੀਵਨ ਵਾਸੀ ਜਸਪਾਲ ਕਾਲੋਨੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਪੁਲਿਸ ਵਲੋਂ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਆਉਂਦੇ ਦਿਨਾਂ ਵਿਚ ਵੀ ਜਾਰੀ ਰਹੇਗੀ |