ਗੈਸ ਦੀ ਕਿੱਲਤ ਬਾਰੇ ਜ਼ਮੀਨੀ ਸਚਾਈ ਹੋਰ, ਸਰਕਾਰੀ ਦਾਅਵੇ ਹੋਰ
ਅਜੀਤ ਡੈਸਕ
05-06-2026
ਇਸ ਸਬੰਧੀ ਜਦ ਖਪਤਕਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵਲੋਂ ਗੈਸ ਭੰਡਾਰ ਅਤੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਦਿੱਤੀ ਜਾਣ ਵਾਲੀ ਸਫ਼ਾਈ ਕਿ ਸਾਡੇ ਕੋਲ ਗੈਸ ਦੀ ਕੋਈ ਕਮੀ ਨਹੀਂ ਇਸ ਗੱਲ ਵਲ ਇਸ਼ਾਰਾ ਕਰਦੀ ਹੈ ਕਿ ਕਿਤੇ ਨਾ ਕਿਤੇ ਸਰਕਾਰ ਵੀ ਪੈਟਰੋਲੀਅਮ ਪਦਾਰਥਾਂ ਨੂੰ ਲੈ ਕੇ ਘਬਰਾਈ ਹੋਈ ਦਿਖਾਈ ਦੇ ਰਹੀ ਹੈ |
ਘਰੇਲੂ ਗੈਸ ਦੀ ਕੋਈ ਕਮੀ ਨਹੀਂ, ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ-ਜ਼ਿਲ੍ਹਾ ਕੰਟਰੋਲਰ
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਈਸਟ ਦੇ ਜ਼ਿਲ੍ਹਾ ਕੰਟਰੋਲਰ ਲਖਵੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੇਸ਼ੱਕ ਘਰੇਲੂ ਗੈਸ ਸਿਲੰਡਰ ਦੀ ਬੁਕਿੰਗ 25 ਦਿਨਾਂ ਬਾਅਦ ਹੋ ਰਹੀ ਹੈ | ਇਸ ਦਾ ਭਾਵ ਇਹ ਨਹੀਂ ਕਿ ਘਰੇਲੂ ਗੈਸ ਦੀ ਕੋਈ ਕਮੀ ਹੈ | ਇਸ ਕਰਕੇ ਲੋਕ ਅਫਵਾਹਾਂ ਤੋਂ ਬਚਣ ਘਰੇਲੂ ਗੈਸ ਦੀ ਕੋਈ ਕਮੀ ਨਹੀਂ ਹੋਣ ਕਰਕੇ ਹੀ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ |
ਗੈਸ ਬੁਕਿੰਗ ਨੂੰ ਲੈ ਕੇ ਕੀਤੀ ਗਈ ਨਿਰਧਾਰਿਤ ਸਮਾਂ-ਸੀਮਾ ਖਤਮ ਕੀਤੀ ਜਾਵੇ-ਚੌਹਾਨ
ਇਸ ਸਬੰਧੀ ਗੱਲਬਾਤ ਕਰਦੇ ਹੋਏ ਯੂਥ ਕਾਂਗਰਸੀ ਆਗੂ ਭੁਪਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕੋਲ ਗੈਸ ਭੰਡਾਰ ਵਿਚ ਕੋਈ ਕਮੀ ਨਹੀਂ ਤਾਂ ਸਰਕਾਰ ਵਲੋਂ ਵਾਰ ਵਾਰ ਕਿਸੇ ਦੇ ਪੁੱਛਣ ਤੋਂ ਬਗੈਰ ਹੀ ਇਹ ਢੰਡੋਰਾ ਕਿਉਂ ਪਿੱਟਿਆ ਜਾ ਰਿਹਾ ਕਿ ਸਾਡੇ ਕੋਲ ਪੈਟਰੋਲੀਅਮ ਪਦਾਰਥਾਂ ਦੀ ਕੋਈ ਕਮੀ ਨਹੀਂ, ਜਦਕਿ ਦੂਜੇ ਪਾਸੇ ਆਏ ਦਿਨ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਨੂੰ ਸੜਕਾਂ 'ਤੇ ਉਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ | ਚੌਹਾਨ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਜੇਕਰ ਗੈਸ ਦੀ ਕੋਈ ਕਮੀ ਨਹੀਂ ਤਾਂ 25 ਦਿਨਾਂ ਤੋਂ ਬਾਅਦ ਕੀਤੀ ਜਾਣ ਵਾਲੀ ਸਮਾਂ ਸੀਮਾ ਖਤਮ ਕਰਕੇ ਸਪਲਾਈ ਨਿਰੰਤਰ ਕੀਤੀ ਜਾਵੇ |
ਭੁਪਿੰਦਰ ਸਿੰਘ ਚੌਹਾਨ