ਲੁਧਿਆਣਾ, 4 ਜੂਨ (ਪਰਮਿੰਦਰ ਸਿੰਘ ਆਹੂਜਾ)-ਕਿੱਡੀ ਸੰਗਤ ਵਲੋਂ ਮੌਜੂਦਾ ਸਮੇਂ ਦੀ ਸਿੱਖ ਫੁੱਲਵਾੜੀ ਨੂੰ ਆਪਣੇ ਧਰਮ,ਵਿਰਸੇ ਤੇ ਇਤਿਹਾਸ ਨਾਲ ਜੋੜਨ ਖਾਸ ਕਰਕੇ ਉਨ੍ਹਾਂ ਨੂੰ ਗੁਰੂ ਸਾਹਿਬਾਨ ਵਲੋਂ ਬਖਸ਼ੀ ਗੁਰਬਾਣੀ ਕੀਰਤਨ ਦੀ ਵਿਰਾਸਤੀ ਕਲਾ ਨੂੰ ਸਿਖਾਉਣ ਤੇ ਗਾਇਨ ਕਰਵਾਉਣ ਅਤੇ ਮਾਡਰਨ ਢੰਗ ਨਾਲ ਉਨ੍ਹਾਂ ਅੰਦਰ ਗੁਰਮਤਿ 'ਤੇ ਅਧਾਰਿਤ ਗੁਣਨਾਤਮਕ ਤੇ ਕਲਾਨਾਤਮਕ ਰੁਚੀਆਂ ਨੂੰ ਉਭਾਰਨ ਲਈ ਸਮਰ ਕੈਂਪ ਰਾਹੀਂ ਕੀਤੇ ਜਾ ਰਹੇ ਉਪਰਾਲੇ ਸਮੁੱਚੀ ਕੌਮ ਲਈ ਪ੍ਰੇਣਨਾ ਦਾ ਸਰੋਤ ਹਨ | ਇਹ ਪ੍ਰਗਟਾਵਾ ਇੰਦਰਜੀਤ ਸਿੰਘ ਮੱਕੜ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਕਿੱਡੀ ਸੰਗਤ ਵਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਕਿੱਡੀ ਸੰਗਤ ਸਮਰ ਕੈਂਪ ਮੌਕੇ ਇਕੱਤਰ ਹੋਈਆਂ ਸੰਗਤਾਂ, ਪ੍ਰਮੁੱਖ ਧਾਰਮਿਕ ਸ਼ਖਸੀਅਤਾਂ ਤੇ ਸਮਰ ਕੈਂਪ ਵਿਚ ਭਾਗ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿਚ ਕਿਹਾ ਕਿ ਕਿੱਡੀ ਸੰਗਤ ਦੀ ਪ੍ਰਮੁੱਖ ਜੈਸਮੀਨ ਕੌਰ ਤੇ ਦਵਿੰਦਰਪਾਲ ਸਿੰਘ ਵਲੋਂ ਨਵੇਕਲੀ ਪਹਿਲ ਕਦਮੀ ਕਰਦਿਆਂ ਹੋਇਆਂ ਬੱਚਿਆਂ ਲਈ ਲਗਾਇਆ ਗਿਆ ''ਕਿੱਡੀ ਸੰਗਤ ਸਮਰ ਕੈਂਪU ਇਕ ਵੱਡਾ ਇਤਿਹਾਸਕ ਕਾਰਜ ਹੈ, ਜਿਸ ਲਈ ਮੈਂ ਕਿੱਡੀ ਸੰਗਤ ਦੀ ਸਮੁੱਚੀ ਟੀਮ ਦੇ ਮੈਬਰਾਂ ਤੇ ਬੱਚਿਆਂ ਨੂੰ ਆਪਣੀ ਦਿਲੀ ਆਸੀਸ ਤੇ ਮੁਬਾਰਕਬਾਦ ਦਿੰਦਾ ਹਾਂ | ਇਸ ਮੌਕੇ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਗੁਰਦੀਪ ਸਿੰਘ ਡੀਮਾਰਟੇ ਪ੍ਰਧਾਨ ਮਾਡਲ ਟਾਊਨ ਵੈਲਫੇਅਰ ਸੁਸਾਇਟੀ, ਇੰਦਰਜੀਤ ਸਿੰਘ ਖੁਰਾਣਾ ਤੇ ਸ.ਜਸਪਾਲ ਸਿੰਘ ਪਿੰਕੀ ਸ. ਤੇਜਵਿੰਦਰ ਸਿੰਘ ਬਿਗ ਬੈਨ ਨੇ ਕਿਹਾ ਕਿ ਗੁਰਬਾਣੀ ਕੀਰਤਨ ਕਰਨ ਦੀ ਪੱਧਤੀ ਨੂੰ ਸਿੱਖ ਬੱਚਿਆਂ ਅੰਦਰ ਉਭਾਰਨ ਦੇ ਲਈ ਕਿੱਡੀ ਸੰਗਤ ਵਲੋਂ ਲੁਧਿਆਣਾ ਸ਼ਹਿਰ ਵਿਖੇ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਬੱਚਿਆਂ ਨੂੰ ਸ਼ੁੱਧ ਗੁਰਬਾਣੀ ਦਾ ਉਚਾਰਨ ਕਰਨ ਅਤੇ ਕੀਰਤਨ ਕਰਨ ਦੀ ਜੋ ਸਿਖਲਾਈ ਦਿੱਤੀ ਗਈ ਉਹ ਇਕ ਸ਼ਲਾਘਾਯੋਗ ਕਾਰਜ ਹੈ | ਉਨ੍ਹਾਂ ਨੇ ਸਮਰ ਕੈਂਪ ਵਿਚ ਹਿੱਸਾ ਲੈਣ ਵਾਲੇ ਸਮੂਹ ਬੱਚਿਆਂ ਦੀ ਹੌਸਲਾ ਅਫਜਾਈ ਕਰਦਿਆਂ ਹੋਇਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਬੱਚੇ ਕੀਰਤਨ ਕਰਨ ਦੀ ਸਿਖਲਾਈ ਪ੍ਰਾਪਤ ਕਰਕੇ ਕੌਮ ਲਈ ਚਾਨਣ ਦਾ ਮੁਨਾਰਾ ਬਣਨਗੇ | ਇਸ ਤੋਂ ਪਹਿਲਾਂ ਸਮਰ ਕੈਂਪ ਸੰਬੰਧੀ ਆਯੋਜਿਤ ਕੀਤੇ ਗਏ ਸਮਾਗਮ ਅੰਦਰ ਬੱਚਿਆਂ ਨੇ ਆਪਣੀਆਂ ਵੱਖ-ਵੱਖ ਕਲਾਵਾਂ, ਕਵਿਤਾਵਾਂ ਅਤੇ ਗਿਟਾਰ ਰਾਹੀਂ ਸਮੂਹਿਕ ਰੂਪ ਵਿਚ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੀ ਸਮਾਪਤੀ ਮੌਕੇ ਕਿੱਡੀ ਸੰਗਤ ਸਮਰ ਕੈਂਪ ਦੀ ਇੰਚਾਰਜ ਮੈਡਮ ਜੈਸਮੀਨ ਕੌਰ, ਦਵਿੰਦਰਪਾਲ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ, ਤਰਨਜੀਤ ਸਿੰਘ ਦਸਮੇਸ਼ ਪੰਪ ਵਾਲਿਆਂ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਵਲੋਂ ਸਾਂਝੇ ਰੂਪ ਵਿਚ ਕਿੱਡੀ ਸੰਗਤ ਸਮਰ ਕੈਂਪ 'ਚ ਭਾਗ ਲੈਣ ਵਾਲੇ ਸਮੂਹ ਬੱਚਿਆਂ ਤੇ ਟੀਚਰ ਸਾਹਿਬਾਨ ਨੂੰ ਜੈਕਾਰਿਆਂ ਦੀ ਗੂੰਜ ਵਿਚ ਸਰਟੀਫਿਕੇਟ ਤੇ ਇਨਾਮ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਬਿਗ-ਬੈਨ ਪਰਿਵਾਰ ਦੇ ਤੇਜਵਿੰਦਰ ਸਿੰਘ, ਗੁਰਦੀਪ ਸਿੰਘ ਡੀਮਾਰਟੇ ਪ੍ਰਧਾਨ ਮਾਡਲ ਟਾਊਨ ਵੈਲਫੇਅਰ ਐਸੋਸੀਏਸ਼ਨ, ਨਰਿੰਦਰਪਾਲ ਸਿੰਘ ਕਥੂਰੀਆ, ਭੁਪਿੰਦਰ ਸਿੰਘ ਜੁਨੇਜਾ, ਬਲਬੀਰ ਸਿੰਘ ਭਾਟੀਆ, ਮੈਡਮ ਕਿਰਤੀ ਗਰੌਵਰ, ਬੀਬੀ ਸੁਮੀਤ ਕੌਰ ਭਾਟੀਆ ਸਮੇਤ ਕਈ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |