ਲੁਧਿਆਣਾ, 4 ਜੂਨ (ਡਾ. ਤਰਲੋਚਨ ਸਿੰਘ)-ਸਿਵਲ ਸਰਜਨ, ਲੁਧਿਆਣਾ ਦੀ ਅਗਵਾਈ ਹੇਠ ਇਕ ਸਾਂਝੀ ਜਾਂਚ ਟੀਮ ਵਲੋਂ ਫਲ ਤੇ ਸਬਜ਼ੀ ਮੰਡੀਆਂ ਅਤੇ ਕੇਲਾ ਪਕਾਉਣ ਕੇਂਦਰਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ ਤਾਂ ਜੋ ਖਪਤਕਾਰਾਂ ਨੂੰ ਸਪਲਾਈ ਕੀਤੇ ਜਾ ਰਹੇ ਖਾਦ ਪਦਾਰਥਾਂ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ | ਇਹ ਜਾਂਚ ਡਾ. ਆਸ਼ੀਸ਼ ਚਾਵਲਾ, ਜਸਵਿੰਦਰ ਸਿੰਘ, ਡੀ.ਐਫ.ਐਸ.ਓ, ਫੂਡ ਸਿਵਲ ਸਪਲਾਈਜ਼, ਜਸਪ੍ਰੀਤ ਕੌਰ ਗਿੱਲ ਸਿੱਧੂ, ਬਾਗਬਾਨੀ ਵਿਭਾਗ ਅਤੇ ਭੁਪਿੰਦਰ ਸਿੰਘ, ਸੁਪਰਵਾਈਜ਼ਰ ਮਾਰਕੀਟ ਕਮੇਟੀ ਨਵੀਂ ਸਬਜ਼ੀ ਮੰਡੀ ਵਲੋਂ ਸਿਵਲ ਸਰਜਨ, ਲੁਧਿਆਣਾ ਡਾ. ਰਮਨਦੀਪ ਕੌਰ ਦੀ ਅਗਵਾਈ ਅਤੇ ਨਿਗਰਾਨੀ ਹੇਠ ਕੀਤੀ ਗਈ | ਇਸ ਜਾਂਚ ਮੁਹਿੰਮ ਦੌਰਾਨ ਟੀਮ ਨੇ ਮਾਰਕੀਟ ਕਮੇਟੀ ਮੰਡੀ ਵਿਚ ਪਪੀਤਾ, ਅੰਬ ਅਤੇ ਕੇਲੇ ਦੇ ਸਟਾਕ ਦੀ ਜਾਂਚ ਕੀਤੀ ਅਤੇ ਅਨਾਜ ਮੰਡੀ ਖੇਤਰ ਵਿਚ ਚੱਲ ਰਹੇ ਕੇਲਾ ਰਿਪਨਿੰਗ ਕੇਂਦਰਾਂ ਦਾ ਦੌਰਾ ਕੀਤਾ | ਪਪੀਤਾ, ਅੰਬ ਅਤੇ ਕੇਲੇ ਦੇ ਸੈਂਪਲ ਇਕੱਠੇ ਕਰਕੇ ਪ੍ਰਯੋਗਸ਼ਾਲਾ ਜਾਂਚ ਲਈ ਭੇਜੇ ਗਏ ਤਾਂ ਜੋ ਉਨ੍ਹਾਂ ਦੀ ਗੁਣਵੱਤਾ ਅਤੇ ਫੂਡ ਸੇਫਟੀ ਮਾਪਦੰਡਾਂ ਅਨੁਸਾਰਤਾ ਦੀ ਜਾਂਚ ਕੀਤੀ ਜਾ ਸਕੇ | ਟੀਮ ਵਲੋਂ ਬੁੱਢਾ ਨਾਲਾ ਖੇਤਰ ਤੋਂ ਸ਼ਿਮਲਾ ਮਿਰਚ, ਭਿੰਡੀ ਅਤੇ ਬੈਂਗਣ ਦੇ ਨਮੂਨੇ ਵੀ ਇਕੱਠੇ ਕੀਤੇ ਗਏ | ਇਨ੍ਹਾਂ ਨਮੂਨਿਆਂ ਦੀ ਹੈਵੀ ਮੈਟਲਜ਼ ਅਤੇ ਕੀਟਨਾਸ਼ਕ ਅਵਸ਼ੇਸ਼ਾਂ ਲਈ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਤਪਾਦ ਨਿਰਧਾਰਤ ਸੁਰੱਖਿਆ ਮਾਪਦੰਡਾਂ 'ਤੇ ਖਰੇ ਉਤਰਦੇ ਹਨ | ਇਕੱਠੇ ਕੀਤੇ ਗਏ ਸਾਰੇ ਨਮੂਨੇ ਵਿਸਥਾਰਪੂਰਵਕ ਪ੍ਰਯੋਗਸ਼ਾਲਾ ਵਿਸ਼ਲੇਸ਼ਣ ਲਈ ਭੇਜ ਦਿੱਤੇ ਗਏ ਹਨ ਅਤੇ ਰਿਪੋਰਟਾਂ ਦੇ ਨਤੀਜਿਆਂ ਦੇ ਆਧਾਰ 'ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ |