ਲੁਧਿਆਣਾ, 9 ਜੂਨ (ਭੁਪਿੰਦਰ ਸਿੰਘ ਬੈਂਸ)-ਜਮਾਲਪੁਰ ਇਲਾਕੇ ਦੇ ਬਚਿੱਤਰ ਨਗਰ ਵਿਚ ਬੀਤੇ ਦਿਨੀਂ ਇਕ ਘਰ ਵਿਚ ਗੈਸ ਲੀਕ ਕਾਰਨ ਹੋਏ ਭਿਆਨਕ ਧਮਾਕੇ ਵਿਚ ਜ਼ਖਮੀ ਹੋਏ ਪਰਿਵਾਰ ਨੰੂ ਇਕ ਹੋਰ ਵੱਡਾ ਸਦਮਾ ਲੱਗਾ ਹੈ | ਇਸ ਹਾਦਸੇ ਵਿਚ ਗੰਭੀਰ ਰੂਪ ਵਿਚ ਝੁਲਸੇ ਕਰਨ ਦੀ ਮੌਤ ਤੋਂ ਬਾਅਦ ਹੁਣ ਉਸਦੀ ਮਾਤਾ ਰਿਆ ਨੇ ਵੀ ਦਮ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ | ਇਸ ਨਾਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ ਹੈ | ਜ਼ਿਕਰਯੋਗ ਹੈ ਕਿ ਬਚਿੱਤਰ ਨਗਰ ਸਥਿਤ ਇਕ ਘਰ ਵਿਚ ਗੈਸ ਲੀਕ ਹੋਣ ਕਾਰਨ ਹੋਏ ਜ਼ਬਰਦਸਤ ਧਮਾਕੇ ਵਿਚ ਘਰ ਦੇ ਮਾਲਕ ਵਿਨੋਦ ਮਿਸ਼ਰਾ, ਉਸ ਦੀ ਪਤਨੀ ਰਿਆ ਤੇ ਪੁੱਤਰ ਕਰਨ ਗੰਭੀਰ ਰੂਪ ਵਿਚ ਝੁਲਸ ਗਏ ਸਨ | ਤਿੰਨਾਂ ਨੰੂ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ | ਇਲਾਜ ਦੌਰਾਨ ਪਹਿਲਾ ਕਰਨ ਦੀ ਮੌਤ ਹੋ ਗਈ ਸੀ | ਜਦਕਿ ਬੀਤੇ ਕੱਲ੍ਹ ਰਿਆ ਨੇ ਵੀ ਦਮ ਤੋੜ ਦਿੱਤਾ | ਵਿਨੋਦ ਮਿਸ਼ਰਾ ਦਾ ਹਾਲੇ ਵੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ | ਇਸ ਦੁਖਦਾਈ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ |