ਲੁਧਿਆਣਾ, 9 ਜੂਨ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਇਕ ਕੱਪੜਾ ਵਪਾਰੀ ਖ਼ਿਲਾਫ਼ ਪੁਲਿਸ ਵਲੋਂ ਦਰਜ ਕੀਤੇ ਗਏ ਅਪਰਾਧਿਕ ਮਾਮਲੇ ਨੂੰ ਲੈ ਕੇ ਭਾਜਪਾ ਆਗੂ ਅਤੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀ ਪੁਲਿਸ ਦੇ ਪੱਖਪਾਤੀ ਰਵਈਏ ਦਾ ਦੋਸ਼ ਲਗਾ ਰਹੇ ਸਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਬੀਤੇ ਦਿਨ ਸਾਹਿਲ ਮਲਹੋਤਰਾ ਅਤੇ ਹੋਰਨਾਂ ਖ਼ਿਲਾਫ਼ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਸੀ | ਭਾਜਪਾ ਆਗੂ ਜਤਿੰਦਰ ਗੋਰੀਅਨ ਦੀ ਅਗਵਾਈ ਹੇਠ ਅੱਜ ਪਰਿਵਾਰਕ ਮੈਂਬਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ | ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪੁਲਿਸ ਵਲੋਂ ਵਪਾਰੀ ਨੂੰ ਜਾਣ ਬੁਝ ਕੇ ਸਾਜ਼ਿਸ਼ ਤਹਿਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਪੁਲਿਸ ਵਲੋਂ ਇਹ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ | ਉਨ੍ਹਾਂ ਦੱਸਿਆ ਕਿ ਵਪਾਰੀ ਨੂੰ ਕੁੱਝ ਲੋਕਾਂ ਵਲੋਂ ਬਲੈਕਮੇਲ ਕੀਤਾ ਜਾ ਰਿਹਾ ਹੈ | ਪੁਲਿਸ ਵਲੋਂ ਇਸ ਮਾਮਲੇ ਵਿਚ ਪਹਿਲਾਂ ਪ੍ਰਤੀਕ ਟੰਡਨ ਵਾਸੀ ਗੁਰੂ ਨਾਨਕ ਦੇਵ ਨਗਰ ਦੀ ਸ਼ਿਕਾਇਤ 'ਤੇ ਵਪਾਰੀ ਸਾਹਿਲ ਮਲਹੋਤਰਾ, ਪਰਦੁਮਨ ਮਲਹੋਤਰਾ, ਮੀਨਾਕਸ਼ੀ ਮਲਹੋਤਰਾ ਅਤੇ ਹੋਰਨਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ | ਇਸ ਮਾਮਲੇ ਨੂੰ ਲੈ ਕੇ ਪ੍ਰਤੀਕ ਨੇ ਮੁੜ ਤੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਬੀਤੇ ਦਿਨ ਜਦੋਂ ਉਹ ਸੁੰਦਰ ਨਗਰ ਨੇੜੇ ਜਾ ਰਿਹਾ ਸੀ ਤਾਂ ਇਨ੍ਹਾਂ ਦੇ ਸਮਰਥਕ ਚੇਤਨ ਬਵੇਜਾ ਅਤੇ 25 ਦੇ ਕਰੀਬ ਹੋਰਨਾਂ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਤੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਪਾਸੋਂ ਸੋਨੇ ਦੀ ਚੇਨ ਅਤੇ 20 ਹਜ਼ਾਰ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ | ਪੁਲਿਸ ਵਲੋਂ ਇਸ ਮਾਮਲੇ ਵਿਚ ਚੇਤਨ ਬਵੇਜਾ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਦਕਿ ਬਵੇਜਾ ਵਲੋਂ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਜਾ ਚੁੱਕਾ ਹੈ | ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪੁਲਿਸ ਵਲੋਂ ਇਹ ਮਾਮਲੇ ਝੂਠੇ ਦਰਜ ਕੀਤੇ ਗਏ ਹਨ ਅਤੇ ਇਕ ਸਾਜ਼ਿਸ਼ ਤਹਿਤ ਇਹਨਾਂ ਵਪਾਰੀਆਂ ਨੂੰ ਫਸਾਇਆ ਜਾ ਰਿਹਾ ਹੈ | ਸੂਚਨਾ ਮਿਲਦੇ ਪੁਲਿਸ ਉਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਇਹਨਾਂ ਮਾਮਲਿਆਂ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ, ਜਿਸ 'ਤੇ ਪ੍ਰਦਰਸ਼ਨਕਾਰੀ ਸ਼ਾਂਤ ਹੋਏ |