ਲੁਧਿਆਣਾ, 9 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਮਿਸ਼ਨ ਕਲੀਨ ਪੰਜਾਬ ਤਹਿਤ ਸ਼ਹਿਰ ਵਿਚ ਸਫ਼ਾਈ ਪ੍ਰਬੰਧਾਂ ਨੰੂ ਬਿਹਤਰ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਨਿਗਮ ਦੇ ਉਚ ਅਧਿਕਾਰੀ ਸਵੇਰੇ ਤੋਂ ਹੀ ਮੈਦਾਨ ਵਿਚ ਉਤਰ ਕੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ, ਪਰ ਦੂਜੇ ਪਾਸੇ ਸ਼ਹਿਰ ਦੇ ਫੁੱਟਪਾਥਾਂ ਅਤੇ ਸੜਕਾਂ 'ਤੇ ਹੋਏ ਨਾਜਾਇਜ਼ ਕਬਜ਼ੇ ਨਿਗਮ ਦੇ ਦਾਅਵਿਆਂ ਨੰੂ ਚੁਣੌਤੀ ਦਿੰਦੇ ਹੋਏ ਨਜ਼ਰ ਆ ਰਹੇ ਹਨ | ਸ਼ਹਿਰ ਦੇ ਘੰਟਾ ਘਰ ਰੋਡ, ਜਲੰਧਰ ਬਾਈਪਾਸ ਚੌਕ ਤੋਂ ਬਸਤੀ ਜੋਧੇਵਾਲ ਤੋਂ ਰਾਹੋਂ ਰੋਡ, ਮਾਡਲ ਟਾਊਨ, ਸਰਾਭਾ ਨਗਰ, ਬੀ.ਆਰ.ਐਸ. ਨਗਰ ਅਤੇ ਹੋਰ ਕਈ ਪ੍ਰਮੁੱਖ ਇਲਾਕਿਆਂ ਵਿਚ ਫੁੱਟਪਾਥਾਂ ਉਤੇ ਰੇਹੜੀ, ਫੜ੍ਹੀ ਵਾਲਿਆਂ ਅਤੇ ਕੁੱਝ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਆਮ ਦੇਖੇ ਜਾ ਸਕਦੇ ਹਨ | ਕਈ ਥਾਵਾਂ 'ਤੇ ਪੈਦਲ ਚੱਲਣ ਵਾਲੇ ਯਾਤਰੀਆਂ ਲਈ ਬਣੇ ਫੁੱਟਪਾਥ ਪੂਰੀ ਤਰ੍ਹਾਂ ਕਬਜ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ, ਜਿਸ ਕਾਰਨ ਲੋਕਾਂ ਨੰੂ ਸੜਕਾਂ ਉਤੇ ਚੱਲਣ ਲਈ ਮਜ਼ਬੂਤ ਹੋਣਾ ਪੈ ਰਿਹਾ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਫੁੱਟਪਾਥਾਂ ਅਤੇ ਸੜਕਾਂ ਤੋਂ ਨਾਜਾਇਜ਼ ਕਬਜ਼ੇ ਨਹੀਂ ਹਟਾਏ ਜਾਂਦੇ, ਉਦੋਂ ਤੱਕ ਸਫ਼ਾਈ ਪ੍ਰਬੰਧਾਂ ਵਿਚ ਵੀ ਪੂਰੀ ਤਰ੍ਹਾਂ ਸੁਧਾਰ ਨਹੀਂ ਆ ਸਕਦਾ | ਕਈ ਥਾਵਾਂ 'ਤੇ ਰੇਹੜੀਆਂ ਅਤੇ ਕਬਜ਼ਿਆਂ ਕਾਰਨ ਸਫ਼ਾਈ ਕਰਮਚਾਰੀਆਂ ਨੰੂ ਕੂੜਾ ਚੁੱਕਣ ਅਤੇ ਸਫ਼ਾਈ ਕਰਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਕਬਜ਼ਿਆਂ ਦੇ ਆਲੇ-ਦੁਆਲੇ ਗੰਦਗੀ ਇਕੱਠੀ ਹੋਣ ਕਾਰਨ ਮੁਹਿੰਮਾਂ ਦਾ ਪ੍ਰਭਾਵ ਵੀ ਘੱਟ ਜਾਂਦਾ ਹੈ | ਸ਼ਹਿਰ ਵਿਚ ਪਹਿਲਾਂ ਹੀ ਵਾਹਨਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ | ਫੁੱਟਪਾਥਾਂ 'ਤੇ ਹੋਏ ਕਬਜ਼ਿਆਂ ਕਾਰਨ ਪੈਦਲ ਯਾਤਰੀ ਸੜਕ ਉਤੇ ਆਉਣ ਲਈ ਮਜਬੂਰ ਹੁੰਦੇ ਹਨ, ਜਿਸ ਨਾਲ ਜਾਮ ਅਤੇ ਹਾਦਸਿਆਂ ਦਾ ਖਤਰਾ ਹੋਰ ਵੱਧ ਜਾਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਸਫ਼ਾਈ ਦੇ ਨਾਲ-ਨਾਲ ਕਬਜ਼ਿਆਂ ਖ਼ਿਲਾਫ਼ ਵੀ ਇਕ ਵਿਆਪਕ ਅਤੇ ਨਿਰੰਤਰ ਮੁਹਿੰਮ ਚਲਾਉਣ ਦੀ ਲੋੜ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਨੰੂ ਸਿਰਫ਼ ਕੂੜਾ ਚੁੱਕਣ ਤੱਕ ਹੀ ਆਪਣੀ ਮੁਹਿੰਮ ਸੀਮਤ ਨਹੀਂ ਰੱਖਣੀ ਚਾਹੀਦੀ, ਸਗੋਂ ਫੁੱਟਪਾਥਾਂ ਅਤੇ ਜਨਤਕ ਥਾਵਾਂ ਨੰੂ ਕਬਜ਼ਾ ਮੁਕਤ ਬਣਾਉਣ ਵੱਲ ਵੀ ਠੋਸ ਕਦਮ ਚੁੱਕਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਸੱਚਮੁੱਚ ਸ਼ਹਿਰ ਨੰੂ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣਾ ਚਾਹੁੰਦਾ ਹੈ ਤਾਂ ਸਫ਼ਾਈ ਤੋਂ ਪਹਿਲਾਂ ਕਬਜ਼ਿਆਂ ਦੀ ਸਫ਼ਾਈ ਨੰੂ ਤਰਜੀਹ ਦੇਣੀ ਹੋਵੇਗੀ |