ਲੁਧਿਆਣਾ, 9 ਜੂਨ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ ਗਿਆ, ਜਿਸ ਵਿਚ ਭਾਈ ਅਮਨਦੀਪ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਾਲਿਆਂ ਦੇ ਜਥੇ ਵਲੋਂ ਰਾਤ 8 ਤੋਂ 9 ਵਜੇ ਤੱਕ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਸਾਹਿਬ ਦੇ ਮੁੱਖ ਕਥਾਵਾਚਕ ਗਿਆਨੀ ਸਤਨਾਮ ਸਿੰਘ ਜੀਰੇ ਵਾਲਿਆਂ ਨੇ ਅੰਮਿ੍ਤ ਵੇਲੇ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਸਮਾਗਮ ਦੌਰਾਨ ਭਾਈ ਅਮਨਦੀਪ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਵਾਲਿਆਂ ਦੇ ਜੱਥੇ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਬਜਾਜ, ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ, ਸਕੱਤਰ ਚਰਨਜੀਤ ਸਿੰਘ, ਸੀਨੀਅਰ ਮੈਂਬਰ ਜਗਦੀਪ ਸਿੰਘ ਨੀਲੂ ਅਤੇ ਸਰਬਜੀਤ ਸਿੰਘ ਨੇ ਸਨਮਾਨਿਤ ਕੀਤਾ | ਉਨ੍ਹਾ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਡਿਸਪੈਂਸਰੀ ਵਿਚ ਮੈਡੀਕਲ, ਡੈਂਟਲ ਅਤੇ ਹੋਮਿਓਪੈਥੀ ਡਿਸਪੈਂਸਰੀ ਚਲਾਈ ਜਾ ਰਹੀ ਹੈ, ਜਿਸ ਵਿਚ ਲੋੜਵੰਦ ਬੇਸਹਾਰਾ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ |