ਲੁਧਿਆਣਾ, 10 ਜੂਨ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ 'ਚ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ 'ਚ 2 ਵਿਅਕਤੀਆਂ ਦੀ ਮੌਤ ਹੋ ਜਾਣ ਦੇ ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਸਥਾਨਕ ਮਾਡਲ ਟਾਊਨ ਦੀ ਸ਼ਮਸ਼ਾਨਘਾਟ ਰੋਡ 'ਤੇ ਹੋਏ ਸੜਕ ਹਾਦਸੇ 'ਚ ਮਨੂ ਕੁਮਾਰ ਨਾਮੀ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਵਲੋਂ ਇਸ ਸਬੰਧੀ ਮਨੂ ਦੇ ਚਾਚੇ ਦਸ਼ਰਤ ਪ੍ਰਸਾਦ ਦੀ ਸ਼ਿਕਾਇਤ' ਤੇ ਕਾਰ ਚਾਲਕ ਸੰਜੇ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਮੰਨੂ ਕੁਮਾਰ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਆਟੋ ਤੇ ਮਾਡਲ ਟਾਊਨ ਦੀ ਸ਼ਮਸ਼ਾਨ ਘਾਟ ਰੋਡ 'ਤੇ ਜਾ ਰਿਹਾ ਸੀ | ਉਕਤ ਕਥਿਤ ਦੋਸ਼ੀ ਨੇ ਤੇਜ਼ ਰਫਤਾਰ ਨਾਲ ਕਾਰ ਲਿਆ ਕੇ ਆਟੋ 'ਚ ਮਾਰ ਦਿੱਤੀ | ਜਿਸ ਕਾਰਨ ਉਹ ਅਤੇ ਉਸ ਦੇ ਪਰਿਵਾਰਕ ਮੈਂਬਰ ਜ਼ਖਮੀ ਹੋ ਗਈ | ਜ਼ਖਮੀ ਹਾਲਤ ਵਿਚ ਇਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਉਸ ਦੇ ਨਤੀਜੇ ਮਨੂ ਦੀ ਮੌਤ ਹੋ ਗਈ | ਪੁਲਿਸ ਵਲੋਂ ਇਸ ਮਾਮਲੇ 'ਚ ਸੰਜੇ ਕੁਮਾਰ ਖਿਲਾਫ ਕੇਸ ਦਰਜ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ | ਦੂਜੇ ਮਾਮਲੇ 'ਚ ਸਥਾਨਕ ਤਾਜਪੁਰ ਰੋਡ 'ਤੇ ਹੋਏ ਸੜਕ ਹਾਦਸੇ ਵਿਚ ਰਮੇਸ਼ ਕੁਮਾਰ ਥਾਪਾ ਦੀ ਮੌਤ ਹੋ ਗਈ | ਰਮੇਸ਼ ਕੁਮਾਰ ਥਾਪਾ ਆਪਣੇ ਐਕਟਿਵਾ 'ਤੇ ਖਾਸੀ ਕਲਾਂ ਨੇੜੇ ਜਾ ਰਹੇ ਸਨ ਕਿ ਤੇਜ਼ ਰਫਤਾਰ ਦੇ ਅਣਪਛਾਤੇ ਵਾਹਨ ਚਾਲਕ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ | ਗੰਭੀਰ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ | ਪੁਲਿਸ ਵਲੋਂ ਇਸ ਸਬੰਧੀ ਮਿ੍ਤਕ ਦੀ ਲੜਕੀ ਲਕਸ਼ਮੀ ਦੇਵੀ ਦੀ ਸ਼ਿਕਾਇਤ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ |