ਲੁਧਿਆਣਾ, 10 ਜੂਨ (ਭੁਪਿੰਦਰ ਸਿੰਘ ਬੈਂਸ)-ਸੇਵਾ ਕੇਂਦਰ ਮੁਲਾਜ਼ਮਾਂ ਦੀ ਹੜਤਾਲ ਖਤਮ ਹੋਣ ਮਗਰੋਂ ਬੁੱਧਵਾਰ ਨੰੂ ਸ਼ਹਿਰ ਦੇ ਸੇਵਾ ਕੇਂਦਰਾਂ 'ਚ ਮੁੜ ਕੰਮਕਾਜ ਸ਼ੁਰੂ ਹੋ ਗਿਆ | ਯੂਨੀਅਨ ਅਤੇ ਪੰਜਾਬ ਸਰਕਾਰ ਵਿਚਾਲੇ ਹੋਈ ਗੱਲਬਾਤ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਭਰੋਸਾ ਮਿਲਣ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਗਈ ਸੀ, ਜਿਸ ਨਾਲ ਆਮ ਲੋਕਾਂ ਨੇ ਰਾਹਤ ਮਹਿਸੂਸ ਕੀਤੀ | ਸੇਵਾ ਕੇਂਦਰ ਖੁੱਲ੍ਹਦੇ ਹੀ ਸ਼ਹਿਰ ਦੇ ਵੱਖ-ਵੱਖ ਕੇਂਦਰਾਂ ਵਿਚ ਲੋਕਾਂ ਦੀ ਭਾਰੀ ਆਮਦ ਦੇਖਣ ਨੰੂ ਮਿਲੀ | ਹੜਤਾਲ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਜਨਮ ਅਤੇ ਮੌਤ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ ਅਤੇ ਹੋਰ ਸਰਕਾਰੀ ਸੇਵਾਵਾਂ ਨਾਲ ਸੰਬੰਧਤ ਕੰਮ ਲਟਕੇ ਹੋਏ ਸਨ | ਇਸ ਕਾਰਨ ਲੋਕਾਂ ਨੰੂ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ | ਬੁੱਧਵਾਰ ਨੰੂ ਸਵੇਰੇ ਹੀ ਲੋਕ ਆਪਣੇ ਲੰਬਿਤ ਪਏ ਕੰਮ ਕਰਵਾਉਣ ਲਈ ਸੇਵਾ ਕੇਂਦਰਾਂ ਵਿਚ ਪੁੱਜਣ ਲੱਗੇ, ਜਿਸ ਕਾਰਨ ਕਈ ਕੇਂਦਰਾਂ ਵਿਚ ਲੰਬੀਆਂ ਕਤਾਰਾਂ ਵੀ ਦੇਖਣ ਨੰੂ ਮਿਲੀਆਂ | ਮੁਲਾਜ਼ਮਾਂ ਵਲੋਂ ਵੀ ਲੰਬਿਤ ਅਰਜੀਆਂ ਅਤੇ ਹੋਰ ਕੰਮਾਂ ਨੰੂ ਪਹਿਲ ਦੇ ਆਧਾਰ 'ਤੇ ਨਿਪਟਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਸਾਰਾ ਦਿਨ ਸੇਵਾ ਕੇਂਦਰਾਂ ਵਿਚ ਰੁਝੇਵਾਂ ਬਣਿਆ ਰਿਹਾ | ਲੋਕਾਂ ਦਾ ਕਹਿਣਾ ਸੀ ਕਿ ਹੜਤਾਲ ਕਾਰਨ ਉਨ੍ਹਾਂ ਦੇ ਕਈ ਜ਼ਰੂਰੀ ਕੰਮ ਰੁੱਕੇ ਹੋਏ ਸਨ ਅਤੇ ਹੁਣ ਸੇਵਾ ਕੇਂਦਰ ਮੁੜ੍ਹ ਖੁੱਲ੍ਹਣ ਨਾਲ ਉਨ੍ਹਾਂ ਨੰੂ ਵੱਡੀ ਰਾਹਤ ਮਿਲੀ ਹੈ | ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਅਜਿਹੇ ਮਸਲਿਆਂ ਦਾ ਸਮੇਂ ਸਿਰ ਹੱਲ ਕੱਢਿਆ ਜਾਵੇ ਤਾਂ ਜੋ ਭਵਿੱਖ ਵਿਚ ਆਮ ਲੋਕਾਂ ਨੰੂ ਪ੍ਰੇਸ਼ਾਨੀ ਨਾ ਝੱਲਣੀ ਪਵੇ | ਸੇਵਾ ਕੇਂਦਰਾਂ ਦੇ ਮੁੜ ਸ਼ੁਰੂ ਹੋਣ ਨਾਲ ਸਰਕਾਰੀ ਸੇਵਾਵਾਂ ਦੀ ਰਫਤਾਰ ਇਕ ਵਾਰ ਫਿਰ ਪੱਟੜੀ 'ਤੇ ਆ ਗਈ ਹੈ ਅਤੇ ਹੜਤਾਲ ਕਾਰਨ ਲੰਬਿਤ ਪਏ ਹਜ਼ਾਰਾਂ ਕੰਮਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਵੀ ਤੇਜ਼ ਹੋ ਗਈ ਹੈ |