ਢੰਡਾਰੀ ਕਲਾਂ/ਲੁਧਿਆਣਾ, 10 ਜੂਨ (ਜਸਵੀਰ ਸਿੰਘ ਬੰਗਾ)-ਢੰਡਾਰੀ ਖ਼ੁਰਦ ਅਤੇ ਆਸਪਾਸ ਦੇ ਇਲਾਕਿਆਂ ਲਈ ਅੱਜ ਦਾ ਦਿਨ ਇਤਿਹਾਸਕ ਹੈ, ਕਿਉਂਕਿ 62 ਸਾਲਾਂ ਦੀ ਉਡੀਕ ਤੋਂ ਬਾਅਦ ਰੇਲਵੇ ਸਟੀਲ ਪੁਲ ਦਾ ਨਿਰਮਾਣ ਸ਼ੁਰੂ ਹੋ ਰਿਹਾ ਹੈ | ਅੱਜ ਫ਼ਿਰੋਜਪੁਰ ਡਿਵੀਜ਼ਨ ਅਤੇ ਨਿਰਮਾਣ ਏਜੰਸੀ ਦੇ ਰੇਲਵੇ ਅਧਿਕਾਰੀ ਪੁਲ ਨਿਰਮਾਣ ਵਾਲੀ ਥਾਂ 'ਤੇ ਮਾਪ ਅਤੇ ਮਿੱਟੀ ਦੀ ਜਾਂਚ ਕਰਨ ਲਈ ਪਹੁੰਚੇ, ਜਿੱਥੇ ਉਨ੍ਹਾਂ ਜ਼ਰੂਰੀ ਨਿਰੀਖਣ ਕੀਤੇ ਅਤੇ ਉਸਾਰੀ ਨਾਲ ਸਬੰਧਿਤ ਸਾਰੀਆਂ ਮੁੱਢਲੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ | ਇਸ ਸਬੰਧੀ ਗੱਲਬਾਤ ਕਰਦਿਆਂ ਢੰਡਾਰੀ ਖ਼ੁਰਦ ਵਾਰਡ ਨੰਬਰ 25 ਤੋਂ ਕੌਂਸਲਰ ਸੁਖਜਿੰਦਰ ਕੌਰ ਦੇ ਪਤੀ ਸਮਾਜ ਸੇਵਕ ਕਮਲਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਹ ਪੁਲ ਪੰਜਾਬ ਦਾ ਪਹਿਲਾ ਰੇਲਵੇ ਸਟੀਲ ਪੁਲ ਹੋਵੇਗਾ, ਜੋ ਰੇਲਵੇ ਟਰੈਕ ਦੀ ਪੂਰੀ ਲੰਬਾਈ ਨੂੰ ਫੈਲਾਏਗਾ, ਇਸਨੂੰ ਉੱਪਰੋਂ ਬਣਾਇਆ ਜਾਵੇਗਾ | ਇਸਦੇ ਪੂਰਾ ਹੋਣ ਨਾਲ ਹਜ਼ਾਰਾਂ ਲੋਕਾਂ ਦੀ ਆਵਾਜਾਈ ਆਸਾਨ ਹੋਵੇਗੀ ਅਤੇ ਸਕੂਟਰ ਅਤੇ ਮੋਟਰਸਾਈਕਲ ਸਵਾਰ ਸੁਰੱਖਿਅਤ ਅਤੇ ਸੁਵਿਧਾਜਨਕ ਢੰਗ ਨਾਲ ਰੇਲਵੇ ਲਾਈਨ ਪਾਰ ਕਰ ਸਕਣਗੇ | ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਇਲਾਕੇ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਵੇਗਾ ਅਤੇ ਨਿਵਾਸੀਆਂ ਲਈ ਜੀਵਨ ਨੂੰ ਹੋਰ ਸੁਵਿਧਾਜਨਕ ਬਣਾਏਗਾ | ਪੁਲ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ ਨੇ ਸਮਾਜ ਸੇਵਕ ਬੋਪਾਰਾਏ ਨੂੰ ਵਧਾਈ ਦਿੱਤੀ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਇਹ ਕੰਮ ਨੇਪਰੇ ਚੜ੍ਹਨ ਜਾ ਰਿਹਾ ਹੈ |