ਭੂੰਦੜੀ, 10 ਜੂਨ (ਕੁਲਦੀਪ ਸਿੰਘ ਮਾਨ)-ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਵਿਖੇ ਬਾਬਾ ਮੁਹੱਬਤਪ੍ਰੀਤ ਸਿੰਘ ਨਾਨਕਸਰ ਲੀਲ੍ਹਾਂ ਵਾਲਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਕਰਨ ਦੀ ਸੇਵਾ ਬਖ਼ਸ਼ੀ ਗਈ | ਇਸ ਮੌਕੇ ਬਾਬਾ ਮੁਹੱਬਤਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਅਪਾਰ ਕ੍ਰਿਪਾ ਸਦਕਾ ਉਨ੍ਹਾਂ ਨੂੰ ਉਸ ਪਾਵਨ ਧਰਤੀ 'ਤੇ ਕਥਾ-ਵਿਚਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿੱਥੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜ ਤੱਤਾਂ ਵਿਚ ਵਿਲੀਨ ਕਰਕੇ ਜੋਤਿ ਜੋਤ ਸਮਾਈ ਕੀਤੀ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖ਼ਸ਼ੀ | ਇਸ ਮੌਕੇ ਨਾਨਕਸਰ ਸੰਪ੍ਰਦਾਇ ਦੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ, ਸੰਤ ਬਾਬਾ ਜੁਗਰਾਜ ਸਿੰਘ ਸੁਧਾਰਾ (ਸੱਚਖੰਡ ਸ੍ਰੀ ਭੋਰਾ ਸਾਹਿਬ) ਅਤੇ ਸੰਤ ਬਾਬਾ ਅਮਰੀਕ ਸਿੰਘ ਪੁੜੈਣ ਵਾਲਿਆਂ ਨੇ ਵੀ ਹਾਜ਼ਰੀ ਭਰੀ | ਬਾਬਾ ਮੁਹੱਬਤਪ੍ਰੀਤ ਸਿੰਘ ਨੇ ਕਿਹਾ ਕਿ ਨਾਨਕਸਰ ਸੰਪ੍ਰਦਾਇ ਦਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਲ ਡੂੰਘਾ ਆਤਮਿਕ ਨਾਤਾ ਹੈ | ਬਾਬਾ ਨੰਦ ਸਿੰਘ ਜੀ ਅਤੇ ਬਾਬਾ ਈਸ਼ਰ ਸਿੰਘ ਦੀ ਇਸ ਪਾਵਨ ਅਸਥਾਨ ਪ੍ਰਤੀ ਅਥਾਹ ਸ਼ਰਧਾ ਰਹੀ ਹੈ ਅਤੇ ਇਥੋਂ ਦੀ ਮਰਿਆਦਾ ਅਤੇ ਪ੍ਰੇਰਣਾ ਨੂੰ ਨਾਨਕਸਰ ਵਿਖੇ ਵੀ ਅਪਣਾਇਆ ਗਿਆ | ਸਮਾਗਮ ਦੀ ਸਮਾਪਤੀ 'ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਵਲੋਂ ਬਾਬਾ ਮੁਹੱਬਤਪ੍ਰੀਤ ਸਿੰਘ ਨਾਨਕਸਰ ਲੀਲ੍ਹਾਂ ਵਾਲਿਆਂ ਨੂੰ ਵਿਸ਼ੇਸ਼ ਮਾਣ-ਸਤਿਕਾਰ ਦਿੰਦਿਆਂ ਸਿਰੋਪਾਓ ਬਖ਼ਸ਼ਿਸ਼ ਕੀਤੇ ਗਏ |