ਲੁਧਿਆਣਾ, 16 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪਿੰਡ ਦੇ ਇਲਾਕੇ ਪਿੰਡ ਲਾਦੀਆਂ ਵਿਚ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਇਕ ਪੁਲਿਸ ਮੁਲਾਜ਼ਮ ਦੋ ਵਿਅਕਤੀ ਜ਼ਖਮੀ ਹੋ ਗਏ ਹਨ। ਪੁਲਿਸ ਵਲੋਂ ਇਸ ਸਬੰਧੀ ਪੁਲਿਸ ਮੁਲਾਜ਼ਮ ਸੂਰਜ ਵਾਸੀ ਪਿੰਡ ਲਾਦੀਆਂ ਖ਼ੁਰਦ ਦੀ ਸ਼ਿਕਾਇਤ ‘ਤੇ ਕਾਕਾ, ਭੋਲਾ, ਸੁਮਿਤ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਤੇ ਉਸਦੇ ਦੋਸਤ ਲਾਦੀਆਂ ਕਲਾਂ ਕਾਲੋਨੀ ਵਿਚ ਬਣੇ ਗਰਾਊਂਡ ਵਿਚ ਕ੍ਰਿਕਟ ਮੈਚ ਖੇਡ ਰਹੇ ਸਨ ਕਿ ਇਸ ਦੌਰਾਨ ਕਥਿਤ ਦੋਸ਼ੀ ਕਾਕਾ ਉਸਦੇ ਦੋਸਤ ਜੋਬਨ ਨਾਲ ਬਹਿਸ ਕਰਨ ਲੱਗ ਪਿਆ। ਜਦੋਂ ਉਨ੍ਹਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਇਹਨਾਂ ਕਥਿਤ ਦੋਸ਼ੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਅਤੇ ਉਸਦਾ ਦੋਸਤ ਜ਼ਖਮੀ ਹੋ ਗਏ। ਸੂਰਜ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ’ਚ ਪੁਲਿਸ ਮੁਲਾਜ਼ਮ ਸਮੇਤ ਜ਼ਖਮੀ
ਅਜੀਤ ਡੈਸਕ
17-06-2026