14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸੜਕਾਂ ਪੁੱਟ ਕੇ ਭੁੱਲਿਆ ਨਗਰ ਨਿਗਮ

ਅਜੀਤ ਡੈਸਕ 18-06-2026

ਲੁਧਿਆਣਾ, 17 ਜੂਨ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੀ ਲਾਪਰਵਾਹੀ ਇਕ ਵਾਰ ਫਿਰ ਸ਼ਹਿਰ ਵਾਸੀਆਂ ਲਈ ਵੱਡੀ ਮੁਸੀਬਤ ਬਣਦੀ ਨਜ਼ਰ ਆ ਰਹੀ ਹੈ। ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਅਤੇ ਨਵੀਆਂ ਸੜਕਾਂ ਦੇ ਨਿਰਮਾਣ ਦੇ ਨਾਂ ਤੇ ਸ਼ਹਿਰ ਦੇ ਕਈ ਇਲਾਕਿਆਂ ਅਤੇ ਵੱਖ-ਵੱਖ ਵਾਰਡਾਂ ਵਿਚ ਸੜਕਾਂ ਪੁੱਟ ਦਿੱਤੀਆਂ ਗਈਆਂ ਪਰ ਇਨ੍ਹਾਂ ਨੂੰ ਮੁੜ ਬਣਾਉਣ ਦਾ ਕੰਮ ਮਹੀਨਿਆਂ ਤੋ ਲਟਕਿਆ ਪਿਆ ਹੈ। ਇਸ ਕਾਰਨ ਲੋਕ ਰੋਜ਼ਾਨਾ ਧੂੜ-ਮਿੱਟੀ, ਖੱਡਿਆਂ ਅਤੇ ਖਰਾਬ ਰਸਤਿਆਂ ਦੀ ਮਾਰ ਝੱਲਣ ਲਈ ਮਜ਼ਬੂਰ ਹਨ। ਸ਼ਹਿਰ ਦੇ ਕਈ ਇਲਾਕਿਆਂ ਵਿਚ ਸੜਕਾਂ ਪੁੱਟਿਆਂ 2 ਤੋਂ 3 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ, ਪਰ ਕੰਮ ਅਜੇ ਵੀ ਅਧੂਰਾ ਪਿਆ ਹੈ। ਕਈ ਥਾਵਾਂ ‘ਤੇ ਸਿਰਫ ਗਟਕਾ ਜਾਂ ਛੋਟੇ ਪੱਥਰ ਪਾਕੇ ਕੰਮ ਨੂੰ ਵਿਚਕਾਰ ਹੀ ਛੱਡ ਦਿੱਤਾ ਗਿਆ ਹੈ। ਇਸ ਨਾਲ ਰੋਜ਼ਾਨਾ ਆਵਾਜਾਈ ਕਰਨ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋ ਪਹੀਆ ਵਾਹਨ ਚਾਲਕਾਂ, ਸਕੂਲੀ ਬੱਚਿਆਂ ਅਤੇ ਬਜੁਰਗਾਂ ਲਈ ਇਹ ਸੜਕਾਂ ਖਾਸ ਤੌਰ ‘ਤੇ ਖਤਰਨਾਕ ਬਣ ਚੁੱਕੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਨਿਗਮ ਸੜਕਾਂ ਪੁੱਟਣ ‘ਚ ਤਾਂ ਤੇਜ਼ੀ ਦਿਖਾ ਰਿਹਾ ਹੈ, ਪਰ ਮੁਰੰਮਤ ਅਤੇ ਨਿਰਮਾਣ ਦੇ ਕੰਮ ਵਿਚ ਗੰਭੀਰ ਲਾਪਰਵਾਹੀ ਵਰਤੀ ਜਾ ਰਹੀ ਹੈ। ਕਈ ਥਾਵਾਂ ਤੇ ਡੂੰਘੇ ਖੱਡੇ ਬਣੇ ਹੋਏ ਹਨ, ਜਿੱਥੇ ਛੋਟੀ ਜਿਹੀ ਗਲਤੀ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਰਾਤ ਦੇ ਸਮੇਂ ਇਹ ਖਤਰਾ ਹੋਰ ਵੱਧ ਜਾਂਦਾ ਹੈ। ਬਸੰਤ ਨਗਰ ਦੇ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਸੜਕਾਂ ਪੁੱਟਿਆਂ ਲਗਭਗ ਦੋ ਮਹੀਨੇ ਹੋ ਚੁੱਕੇ ਹਨ। ਪਰ ਅਜੇ ਤੱਕ ਨਵੀਆਂ ਸੜਕਾਂ ਨਹੀਂ ਬਣਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ਤੇ ਅਜੇ ਸਿਰਫ ਗਟਕਾ ਹੀ ਪਾਇਆ ਗਿਆ ਹੈ। ਉਸ ਤੋਂ ਬਾਅਦ ਕੰਮ ਪੂਰੀ ਤਰ੍ਹਾਂ ਰੁੱਕ ਗਿਆ ਹੈ। ਇਲਾਕਾ ਨਿਵਾਸੀਆਂ ਨੇ ਚਿੰਤਾ ਜਤਾਈ ਹੈ ਕਿ ਬਰਸਾਤੀ ਮੌਸਮ ਸ਼ੁਰੂ ਹੋਣ ਵਾਲਾ ਹੈ। ਜੇਕਰ ਪੁੱਟੀਆਂ ਸੜਕਾਂ ਜਲਦ ਨਾ ਬਣੀਆਂ ਤਾਂ ਬਰਸਾਤ ਦਾ ਪਾਣੀ ਖੱਡਿਆਂ ਵਿਚ ਖੜ੍ਹਾ ਹੋ ਜਾਵੇਗਾ, ਜਿਸ ਨਾਲ ਪਾਣੀ ਨਿਕਾਸੀ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਨਾਲ ਹੀ ਟ੍ਰੈਫਿਕ ਜਾਮ ਅਤੇ ਹਾਦਸਿਆਂ ਦੀ ਸੰਭਾਵਨਾ ਵੀ ਕਈ ਗੁਣਾ ਵੱਧ ਜਾਵੇਗੀ। ਸ਼ਹਿਰ ਵਾਸੀਆਂ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁੱਟੀਆਂ ਸੜਕਾਂ ਦਾ ਕੰਮ ਜੰਗੀ ਪੱਧਰ ‘ਤੇ ਤੁਰੰਤ ਮੁਕੰਮਲ ਕੀਤਾ ਜਾਵੇ। ਲੋਕਾਂ ਨੇ ਕਿਹਾ ਕਿ ਵਿਕਾਸ ਦੇ ਨਾਂ ਤੇ ਜੇ ਸਿਰਫ ਖੁਦਾਈ ਹੀ ਹੋਵੇ ਅਤੇ ਲੋਕਾਂ ਨੂੰ ਸਹੂਲਤ ਦੀ ਥਾਂ ਪਰੇਸ਼ਾਨੀ ਮਿਲੇ, ਤਾਂ ਇਹ ਵਿਕਾਸ ਨਹੀਂ ਸਗੋਂ ਪ੍ਰਸ਼ਾਸਨ ਦੀ ਨਾਕਾਮੀ ਹੈ।

ਪਿਛਲੀ ਖ਼ਬਰ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ ਅਗਲੀ ਖ਼ਬਰ ਸਰਕਾਰੀ ਦਫ਼ਤਰਾਂ ਸਮੇਤ ਰੇਲਵੇ ਲਾਈਨਾਂ ਨੂੰ ਉਡਾਉਣ ਦੀ ਧਮਕੀ ਸੰਬੰਧੀ ਆਈ ਮੇਲ ਦੇ ਮਾਮਲੇ ਦੀ ਪੁਲਿਸ ਨੇ ਕੀਤੀ ਜਾਂਚ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।