ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਮੁਹੱਲਾ ਧਰਮਪੁਰਾ ਵਿਚ ਚੋਰ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਬਲਜਿੰਦਰ ਕੁਮਾਰ ਵਾਸੀ ਮੁਹੱਲਾ ਧਰਮਪੁਰਾ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਪਰਿਵਾਰ ਨਾਲ ਬਾਹਰਲੇ ਸ਼ਹਿਰ ਗਿਆ ਹੋਇਆ ਸੀ। ਜਦੋਂ ਉਹ ਬੀਤੀ ਸ਼ਾਮ ਘਰ ਆਇਆ ਤਾਂ ਉਸ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਘਰ ਦੀ ਦੂਜੀ ਮੰਜ਼ਿਲ ‘ਤੇ ਬਣੇ ਕਮਰੇ ਦੀ ਅਲਮਾਰੀ ਵਿਚੋਂ ਚੋਰਾਂ ਵਲੋਂ ਲੱਖਾਂ ਰੁਪਏ ਮੁੱਲ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ 80 ਹਜ਼ਾਰ ਦੀ ਨਗਦੀ ਚੋਰੀ ਕਰ ਲਈ ਗਈ ਹੈ, ਜਿਸ ‘ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਐਕਟਿਵਾ ਚੋਰੀ
ਸਥਾਨਕ ਫ਼ੀਲਡ ਗੰਜ ਤੋਂ ਚੋਰਾ ਵਲੋਂ ਅਮਨਦੀਪ ਕੌਰ ਵਾਸੀ ਫ਼ੀਲਡ ਗੰਜ ਦਾ ਐਕਟਿਵਾ ਚੋਰੀ ਕਰ ਲਿਆ ਗਿਆ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਚੋਰੀਸ਼ੁਦਾ ਮੋਟਰਸਾਈਕਲ ਸਮੇਤ 2 ਕਾਬੂ
ਪੁਲਿਸ ਨੇ ਚੰਦਰ ਕੁਮਾਰ ਵਾਸੀ ਕਰੀਮਪੁਰਾ ਬਾਜ਼ਾਰ ਦੀ ਸ਼ਿਕਾਇਤ ‘ਤੇ ਸੰਨੀ ਭੰਡਾਰੀ ਅਤੇ ਸੰਨੀ ਧੀਰ ਵਾਸੀ ਚੰਦ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਦੀ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਰੋਜ਼ ਗਾਰਡਨ ਗਿਆ ਸੀ ਅਤੇ ਉਸਨੇ ਆਪਣਾ ਮੋਟਰਸਾਈਕਲ ਬਾਹਰ ਖੜ੍ਹਾ ਕੀਤਾ ਸੀ। ਜਦੋਂ ਉਹ ਵਾਪਸ ਆਇਆ ਤਾਂ ਮੋਟਰਸਾਈਕਲ ਉਥੇ ਨਹੀਂ ਸੀ, ਜਿਸ ‘ਤੇ ਉਸਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਜਾਂਚ ਦੌਰਾਨ ਪੁਲਿਸ ਵਲੋਂ ਉਕਤ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਇਦਾਦ ਦੇ ਮਾਮਲੇ ’ਚ ਧੋਖਾਧੜੀ
ਪੁਲਿਸ ਨੇ ਸੰਦੀਪ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਦੀ ਸ਼ਿਕਾਇਤ ‘ਤੇ ਅਰਵਿੰਦਰ ਸਿੰਘ, ਸੁਖਜਿੰਦਰ ਸਿੰਘ, ਅਭੀਜੀਤ ਸਿੰਘ ਅਤੇ ਪੁਸ਼ਪਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਜਾਇਦਾਦ ਦੇ ਮਾਮਲੇ ਵਿਚ ਉਸ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੁੱਟਮਾਰ ਦਾ ਮਾਮਲਾ
ਪੁਲਿਸ ਨੇ ਵੀਨਾ ਰਾਣੀ ਵਾਸੀ ਪੰਚਕੂਲਾ ਦੀ ਸ਼ਿਕਾਇਤ ‘ਤੇ ਭਾਰਤ ਭੂਸ਼ਣ ਵਾਸੀ ਚੰਡੀਗੜ੍ਹ ਰੋਡ, ਨਰੇਸ਼ ਕੁਮਾਰ ਵਾਸੀ ਜਮਾਲਪੁਰ, ਗੁਰਪ੍ਰੀਤ ਭੂਸ਼ਨ ਵਾਸੀ ਚੰਡੀਗੜ੍ਹ ਰੋਡ, ਸ਼ਾਮ ਵਾਸੀ ਜਮਾਲਪੁਰ। ਬਲਦੇਵ ਰਾਜ ਅਤੇ ਦਵਿੰਦਰ ਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਥਾਣਾ ਡਿਵੀਜ਼ਨ ਨੰਬਰ 7 ਦੇ ਬਾਹਰ ਉਸਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਵਲੋਂ ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ
ਅਜੀਤ ਡੈਸਕ
18-06-2026