13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਆਮ ਆਦਮੀ ਦੀ ਸਰਕਾਰ ਦੇ ਰਾਜ ਵਿਚ ਚੱਲ ਰਿਹਾ ਭ੍ਰਿਸ਼ਟ ਬਾਹੂਬਲੀਆਂ ਦਾ ਜ਼ੋਰ !

ਅਜੀਤ ਡੈਸਕ 03-07-2026
ਲੁਧਿਆਣਾ, 2 ਜੁਲਾਈ (ਜਸਵਿੰਦਰ ਸਿੰਘ)-ਸੂਬੇ ਵਿਚ ਆਮ ਆਦਮੀ ਦੀ ਸਰਕਾਰ ਦੇ ਰਾਜ ਵਿਚ ਭ੍ਰਿਸ਼ਟ ਬਾਹੂਬਲੀਆਂ ਦਾ ਬੋਲਬਾਲਾ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ। ਸਮਾਰਟ ਸਿਟੀ ਪ੍ਰੋਜੈਕਟ ਅਧੀਨ ਬਣੇ ਬਹੁਕਰੋੜੀ ਇੰਨਡੋਰ ਬਾਸਕਟਬਾਲ ਸਟੇਡੀਅਮ ਦੀ ਛੱਤ ਇਸ ਵਾਰ ਫਿਰ ਮਾਨਸੂਨ ਦੇ ਪਹਿਲੇ ਮੀਂਹ ਵਿਚ ਹੀ ਚੋਣ ਲੱਗ ਪਈ। ਇਹ ਛੱਤ ਚੋਣ ਦਾ ਮਾਮਲਾ ਕੋਈ ਪਹਿਲਾ ਨਹੀਂ ਹੈ, ਜਦੋਂ ਤੋਂ ਇਹ ਬਾਸਕਟਬਾਲ ਕੋਰਟ ਬਣਨਾ ਸ਼ੁਰੂ ਹੋਇਆ, ਉਦੋਂ ਤੋਂ ਹੀ ਇਹ ਵਿਵਾਦਾਂ ਵਿਚ ਆਉਣਾ ਸ਼ੁਰੂ ਹੋ ਗਿਆ ਸੀ। ਪਹਿਲਾਂ ਤਾਂ ਇਹ ਪ੍ਰੋਜੈਕਟ ਆਪਣੇ ਮਿੱਥੇ ਸਮੇਂ ਦੇ ਵਿਚ ਪੂਰਾ ਹੀ ਨਹੀਂ ਹੋਇਆ। ਇਹ ਪ੍ਰੋਜੈਕਟ ਕਥਿਤ ਠੇਕੇਦਾਰ ਵਲੋਂ ਕਈ ਡੈੱਡ ਲਾਈਨਾਂ ਖ਼ਤਮ ਹੋਣ ਤੋਂ ਬਾਅਦ ਬਣਾਉਣ ਦੇ ਬਾਵਜੂਦ ਵੀ ਕਈ ਕਮੀਆਂ ਨਾਲ ਭਰਿਆ ਹੋਇਆ ਹੈ। ਬੀਤੇ ਸਮੇਂ ਇੱਥੇ ਹੋਏ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਵਿਚ ਹੀ ਬਾਸਕਟਬਾਲ ਕੋਰਟ ਦੀਆਂ ਛੱਤ ਤੋਂ ਪਾਣੀ ਚੋਣਾ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਟੂਰਨਾਮੈਂਟ ਵਿਚ ਹੀ ਰੋਕਣਾ ਪੈ ਗਿਆ। ਕਥਿਤ ਠੇਕੇਦਾਰ ਵਲੋਂ ਵਰਤੇ ਗਏ ਘਟੀਆ ਸਾਮਾਨ ਕਾਰਨ ਕੋਰਟ ਵੀ ਕਈ ਥਾਵਾਂ ਤੋਂ ਥੱਲੇ ਦੱਬ ਗਿਆ ਸੀ, ਜਿਸ ਨੂੰ ਟੂਰਨਾਮੈਂਟ ਦੌਰਾਨ ਠੀਕ ਕਰਕੇ ਸਮਾਂ ਟਪਾਇਆ ਗਿਆ। ਬਾਸਕਟਬਾਲ ਕੋਰਟ ਦੀਆਂ ਕਮੀਆਂ ਨੂੰ ਲੈ ਕੇ ਕਈ ਵਾਰੀ ਸੰਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆਂ, ਵਿਧਾਇਕਾਂ ਨੂੰ ਵੀ ਜਾਣੂ ਕਰਵਾਇਆ ਗਿਆ, ਪਰ ਕੋਈ ਵੀ ਹੱਲ ਨਹੀਂ ਨਿਕਲਿਆ। ਅੱਜ ਜਦੋਂ ਬਾਸਕਟਬਾਲ ਕੋਰਟ ਦਾ ਦੌਰਾ ਕੀਤਾ ਗਿਆ ਤਾਂ ਕੋਰਟ ਦੀ ਬਾਊਂਡਰੀ ਲਾਈਨ ’ਤੇ ਲੱਗੀ ਲੋਹੇ ਦੀ ਪੱਤੀ ਕਈ ਥਾਵਾਂ ਤੋਂ ਉਖੜੀ ਹੋਈ ਸੀ। ਬਾਸਕਟਬਾਲ ਕੋਰਟ ਦਾ ਗਰਾਊਂਡ ਲੈਵਲ ਸਹੀ ਨਾ ਹੋਣ ਕਾਰਨ ਕੋਰਟ ਦੀ ਲੱਕੜ ਖ਼ਰਾਬ ਹੋਣ ਦਾ ਡਰ ਬਣਿਆ ਹੋਇਆ ਹੈ। ਖਿਡਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਪੱਤੀ ਵਿਚ ਪੈਰ ਫਸਣ ਨਾਲ ਕਈ ਖਿਡਾਰੀ ਗਿਰ ਚੁੱਕੇ ਹਨ ਅਤੇ ਕਈਆਂ ਦੇ ਸੱਟਾਂ ਵੀ ਵੱਜੀਆਂ ਹਨ। ਇੱਥੋਂ ਤੱਕ ਕਿ ਇਕ ਖਿਡਾਰੀ ਦੀ ਤਾਂ ਹੱਡੀ ਵੀ ਟੁੱਟ ਗਈ ਹੈ। ਬਾਸਕਟਬਾਲ ਕੋਰਟ ਦੇ ਅੰਦਰ ਲੱਗੇ ਹੋਏ ਇਲੈਕਟ੍ਰੋਨਿਕ ਸਕੋਰ ਬੋਰਡ ਵੀ ਤਕਨੀਕੀ ਖ਼ਾਮੀ ਕਰਨ ਬੰਦ ਪਿਆ ਹੈ। ਇਸ ਦੇ ਉਲਟ ਜੇਕਰ 15 ਸਾਲ ਪਹਿਲਾਂ ਬਣੇ ਬਾਸਕਟਬਾਲ ਕੋਰਟ ਦੀ ਗੱਲ ਕਰੀਏ ਤਾਂ ਉਹ ਅੱਜ ਵੀ ਇਸ ਨਵੇਂ ਬਣੇ ਬਾਸਕਟਬਾਲ ਕੋਰਟ ਨੂੰ ਮਾਤ ਦੇ ਰਿਹਾ ਹੈ। ਗਰਾਊਂਡ ਬੈਲੰਸ ਅਤੇ ਲੈਵਲ ਦੇ ਮੁਕਾਬਲੇ ਨਵਾਂ ਬਾਸਕਟਬਾਲ ਕੋਰਟ ਪੁਰਾਣੇ ਕੋਰਟ ਦੇ ਨੇੜੇ ਤੇੜੇ ਵੀ ਨਹੀਂ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਇਸੇ ਕੋਰਟ ਦੇ ਵਿਚ ਅਕਾਲ ਜੁਗਤ ਭੁਲੱਥ ਟੂਰਨਾਮੈਂਟ ਦੇ ਮੁੰਡੇ ਅਤੇ ਕੁੜੀਆਂ ਦਾ ਫਾਈਨਲ ਮੈਚ ਵੀ ਹੋਣ ਜਾ ਰਿਹਾ ਹੈ। ਜੇਕਰ ਫਿਰ ਮੀਂਹ ਪੈ ਜਾਂਦਾ ਹੈ ਤਾਂ ਟੂਰਨਾਮੈਂਟ ਵਿਚ ਕੋਰਟ ਅਤੇ ਖਿਡਾਰੀਆਂ ਦੇ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੋਵੇਗਾ? ਜਦੋਂ ਇਸ ਸਬੰਧੀ ਐਸ.ਈ. ਸ਼ਾਮ ਲਾਲ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ।
ਸ਼ਿਕਾਇਤ ਕਰਨ ਦੇ ਬਾਵਜੂਦ ਵੀ ਨਹੀਂ ਹੋ ਰਿਹਾ ਕੋਈ ਹੱਲ-ਤੇਜਾ ਸਿੰਘ ਧਾਲੀਵਾਲ
ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਸਕਟਬਾਲ ਕੋਰਟ ਦੇ ਵਿਚ ਕਮੀਆਂ ਖ਼ਾਮੀਆਂ ਅਤੇ ਚੋਅ ਰਹੇ ਪਾਣੀ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਨੂੰ ਲਗਭਗ ਦੋ ਤਿੰਨ ਮਹੀਨੇ ਪਹਿਲਾਂ ਸ਼ਿਕਾਇਤ ਕੀਤੀ ਗਈ ਸੀ, ਪਰ ਕਿਸੇ ਵੀ ਉਚ ਅਧਿਕਾਰੀ ਵਲੋਂ ਕਾਰਵਾਈ ਕਰਕੇ ਕੋਈ ਨਤੀਜਾ ਨਹੀਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਲੋਕਾਂ ਦੇ ਪੈਸੇ ਨਾਲ ਬਣਾਏ ਗਏ ਇਸ ਬਹੁਕਰੋੜੀ ਪ੍ਰੋਜੈਕਟ ਨੂੰ ਜਲਦ ਹੀ ਗ੍ਰਹਿਣ ਲੱਗ ਜਾਵੇਗਾ, ਜਿਸ ਕਾਰਨ ਖਿਡਾਰੀ ਅਭਿਆਸ ਤੋਂ ਵਾਂਝੇ ਹੋ ਜਾਣਗੇ, ਜਿਸ ਨਾਲ ਸੂਬੇ ਅਤੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ।
ਨਗਰ ਨਿਗਮ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੇ ਨਹੀਂ ਚੁੱਕਿਆ ਫ਼ੋਨ
ਬਹੁਕਰੋੜੀ ਬਾਸਕਟਬਾਲ ਇੰਨਡੋਰ ਸਟੇਡੀਅਮ ਦੀ ਛੱਤ ਤੋਂ ਚੋਅ ਰਹੇ ਪਾਣੀ ਅਤੇ ਹੋਰ ਕਮੀਆਂ ਨੂੰ ਲੈ ਕੇ ਜਦੋਂ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ।
ਪਿਛਲੀ ਖ਼ਬਰ ਭਾਸ਼ਾ ਵਿਭਾਗ ਵਲੋਂ ਉਰਦੂ ਕੋਰਸ ਦਾ ਨਵਾਂ ਸੈਸ਼ਨ ਸ਼ੁਰੂ ਅਗਲੀ ਖ਼ਬਰ ਪਲਸ ਪੋਲੀਓ ਪ੍ਰੋਗਰਾਮ 2026 ਨੈਸ਼ਨਲ ਰਾਊਂਡ ਅਧੀਨ ਪੰਜ ਦਿਨਾਂ ਦਾ ਪੋਲੀਓ ਰੋਕ ਪ੍ਰੋਗਰਾਮ ਕੰਪੇਨ ਕੀਤਾ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।