ਘਰੇਲੂ ਨੌਕਰਾਣੀ ਮਾਲਕਾਂ ਦੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਕੇ ਹੋਈ ਫ਼ਰਾਰ
ਲੁਧਿਆਣਾ, 31 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਰਕੇਸ਼ ਕੁਮਾਰ ਵਾਸੀ ਸ਼ਿਮਲਾਪੁਰੀ ਦੀ ਸ਼ਿਕਾਇਤ ’ਤੇ ਘਰੇਲੂ ਨੌਕਰਾਣੀ ਮਮਤਾ ਵਾਸੀ ਚਿਮਨੀ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਮਮਤਾ ਉਨ੍ਹਾਂ ਦੇ ਘਰ ਡੇਢ ਸਾਲ ਤੋਂ ਸਫ਼ਾਈ ਦਾ ਕੰਮ ਕਰਦੀ ਸੀ ਅਤੇ ਬੀਤੇ ਦਿਨ ਉਸ ਦੀ ਮਾਤਾ ਨਿਰਮਲ ਗਰਗ ਦੀ ਸੋਨੇ ਦੀ ਚੇਨ ਦੀ ਹੁੱਕ ਟੁੱਟ ਗਈ, ਜਿਸ ਨੂੰ ਠੀਕ ਕਰਵਾਉਣ ਲਈ ਉਨ੍ਹਾਂ ਨੇ ਆਪਣੇ ਕਮਰੇ ਵਿਚ ਮੰਜੇ ’ਤੇ ਰੱਖ ਦਿੱਤੀ।
ਲੁਧਿਆਣਾ, 31 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਰਕੇਸ਼ ਕੁਮਾਰ ਵਾਸੀ ਸ਼ਿਮਲਾਪੁਰੀ ਦੀ ਸ਼ਿਕਾਇਤ ’ਤੇ ਘਰੇਲੂ ਨੌਕਰਾਣੀ ਮਮਤਾ ਵਾਸੀ ਚਿਮਨੀ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਮਮਤਾ ਉਨ੍ਹਾਂ ਦੇ ਘਰ ਡੇਢ ਸਾਲ ਤੋਂ ਸਫ਼ਾਈ ਦਾ ਕੰਮ ਕਰਦੀ ਸੀ ਅਤੇ ਬੀਤੇ ਦਿਨ ਉਸ ਦੀ ਮਾਤਾ ਨਿਰਮਲ ਗਰਗ ਦੀ ਸੋਨੇ ਦੀ ਚੇਨ ਦੀ ਹੁੱਕ ਟੁੱਟ ਗਈ, ਜਿਸ ਨੂੰ ਠੀਕ ਕਰਵਾਉਣ ਲਈ ਉਨ੍ਹਾਂ ਨੇ ਆਪਣੇ ਕਮਰੇ ਵਿਚ ਮੰਜੇ ’ਤੇ ਰੱਖ ਦਿੱਤੀ। ਇਸ ਦੌਰਾਨ ਉਕਤ ਮਮਤਾ ਨੇ ਉਸ ਚੇਨ ਨੂੰ ਚੋਰੀ ਕਰ ਲਿਆ ਤੇ ਫ਼ਰਾਰ ਹੋ ਗਈ। ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਨਾਜਾਇਜ਼ ਸ਼ਰਾਬ ਬਰਾਮਦ ਪੁਲਿਸ ਨੇ ਮਨੀ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 16 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ। ਦੂਜੇ ਮਾਮਲੇ ਵਿਚ ਪੁਲਿਸ ਨੇ ਅਰੁਣ ਗੌਤਮ ਵਾਸੀ ਸੁਰਜੀਤ ਕਾਲੋਨੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਵੀ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ। ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਇਸ ਧੰਦੇ ਵਿਚ ਸਨ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸ਼ਰਾਬ ਸਪਲਾਈ ਕਰਦੇ ਸਨ। ਆਟੋ ਰਿਕਸ਼ਾ ਗਰੋਹ ਦੀਆਂ ਔਰਤਾਂ ਨੇ ਵਿਅਕਤੀ ਦਾ ਪਰਸ ਕੀਤਾ ਚੋਰੀ ਸਥਾਨਕ ਹੰਬੜਾਂ ਰੋਡ ’ਤੇ ਆਟੋ ’ਤੇ ਜਾ ਰਹੇ ਇਕ ਵਿਅਕਤੀ ਦਾ ਪਰਸ ਆਟੋ ਰਿਕਸ਼ਾ ਗਰੋਹ ਦੀਆਂ ਮਹਿਲਾ ਮੈਂਬਰਾਂ ਵਲੋਂ ਚੋਰੀ ਕਰ ਲਿਆ ਗਿਆ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਸ਼ੇਰ ਅਜੀਤ ਸਿੰਘ ਵਾਸੀ ਨਿਊ ਗ੍ਰੀਨ ਸਿਟੀ ਪ੍ਰਤਾਪ ਸਿੰਘ ਵਾਲਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਸਾਲੀ ਦੇ ਘਰ ਆਟੋ ਰਾਹੀਂ ਜਾ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਨਾਲ ਇਕ ਔਰਤ ਬੈਠ ਗਈ, ਜਿਸ ਨੇ ਕਿ ਉਸ ਦਾ ਪਰਸ ਚੋਰੀ ਕਰ ਲਿਆ। ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਦਾਜ ਦਾ ਮਾਮਲਾ ਪੁਲਿਸ ਨੇ ਰੀਨਾ ਵਾਸੀ ਬਸੰਤ ਵਿਹਾਰ ਦੀ ਸ਼ਿਕਾਇਤ ’ਤੇ ਗਗਨ ਸ਼ਰਮਾ ਵਾਸੀ ਹੁਸੈਨਪੁਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਸ਼ਾਦੀ ਉਕਤ ਕਥਿਤ ਦੋਸ਼ੀ ਨਾਲ ਸਾਲ 2019 ਵਿਚ ਹੋਈ ਸੀ। ਕਥਿਤ ਦੋਸ਼ੀਆਂ ਨੇ ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਉਸ ਨੂੰ ਦਾਜ ਖ਼ਾਤਰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੀਤੇ ਦਿਨ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਚੋਰੀ ਦਾ ਮਾਮਲਾ ਪੁਲਿਸ ਨੇ ਸੁਰੇਸ਼ ਕੁਮਾਰ ਨਾਰੰਗ ਵਾਸੀ ਜਮਾਲਪੁਰ ਦੀ ਸ਼ਿਕਾਇਤ ’ਤੇ ਸੰਤੋਸ਼ ਕੁਮਾਰ ਦਿਨੇਸ਼ ਕੁਮਾਰ ਅਤੇ ਸਾਜਨ ਵਾਸੀ ਢੰਡਾਰੀ ਕਲਾਂ ਦੇ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਉਸ ਨੂੰ ਕਾਬੂ ਕਰ ਲਿਆ ਹੈ। ਕਥਿਤ ਦੋਸ਼ੀਆਂ ਉੱਤੇ ਸ਼ਿਕਾਇਤਕਰਤਾ ਦੀ ਫ਼ੈਕਟਰੀ ਵਿਚੋਂ ਸਾਮਾਨ ਚੋਰੀ ਕਰਨ ਦਾ ਦੋਸ਼ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁੱਟਮਾਰ ਦੇ ਮਾਮਲੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਸ਼ਿਵਾਨੀ ਹੰਸ ਪੁੱਤਰੀ ਜਤਿੰਦਰ ਪਾਲ ਸਿੰਘ ਦੀ ਸ਼ਿਕਾਇਤ ’ਤੇ ਉਸ ਦੇ ਚਾਚੇ ਸੁਰਿੰਦਰ ਪਾਲ ਸਿੰਘ ਲੜਕੇ ਮਨੀਸ਼ ਹੰਸ ਅਤੇ ਪਤਨੀ ਕਰਮਜੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਪਰ ਉਸ ਦੀ ਅਤੇ ਉਸ ਦੀ ਮਾਂ ਰਣਜੀਤ ਕੌਰ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਲੜਾਈ ਦਾ ਕਾਰਨ ਪਰਿਵਾਰਿਕ ਵਿਵਾਦ ਦੱਸਿਆ ਜਾਂਦਾ ਹੈ। ਪੁਲਿਸ ਜਾਂਚ ਕਰ ਰਹੀ ਹੈ। ਦੂਜੇ ਮਾਮਲੇ ਵਿਚ ਪੁਲਿਸ ਨੇ ਕ੍ਰਿਸ਼ਨ ਸ਼ਰਮਾ ਵਾਸੀ ਟਿੱਬਾ ਰੋਡ ਦੀ ਸ਼ਿਕਾਇਤ ’ਤੇ ਕਰਨ ਤਲਵਾਰ ਜਸਨ ਅਤੇ 12 ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਤੇ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਹਾਲ ਦੀ ਘੜੀ ਕਥਿਤ ਦੋਸ਼ੀ ਫ਼ਰਾਰ ਦੱਸੇ ਜਾਂਦੇ ਹਨ।