24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਧੀਆਂ ਬੋਝ ਨਹੀਂ ਵਰਦਾਨ ਨੇ, ਭਰੂਣ ਹੱਤਿਆ ਕਾਨੂੰਨਨ ਅਪਰਾਧ-ਡਾ. ਰਮਨਦੀਪ ਕੌਰ

ਅਜੀਤ ਡੈਸਕ 16-07-2026
ਲੁਧਿਆਣਾ, 15 ਜੁਲਾਈ (ਡਾ. ਤਰਲੋਚਨ ਸਿੰਘ)-ਆਧੁਨਿਕ ਯੁੱਗ ਵਿਚ ਸਮਾਜ ਨੇ ਭਾਵੇਂ ਕਈ ਖੇਤਰਾਂ ਵਿਚ ਉੱਨਤੀ ਹਾਸਲ ਕਰ ਲਈ ਹੈ, ਪਰ ਅੱਜ ਵੀ ਕੁੱਝ ਅਜਿਹੀਆਂ ਸਮਾਜਿਕ ਕੁਰੀਤੀਆਂ ਹਨ, ਜੋ ਮਾਨਵਤਾ ’ਤੇ ਧੱਬਾ ਹਨ। ਇਨ੍ਹਾਂ ਵਿਚੋਂ ਇਕ ਹੈ ਮਾਦਾ ਭਰੂਣ ਹੱਤਿਆ, ਜੋ ਸਭ ਤੋਂ ਗੰਭੀਰ ਅਤੇ ਚਿੰਤਾਜਨਕ ਸਮੱਸਿਆ ਹੈ। ਇਹ ਨਾ ਸਿਰਫ਼ ਕਾਨੂੰਨਨ ਅਪਰਾਧ ਹੈ, ਸਗੋਂ ਇਕ ਨੈਤਿਕ ਪਾਪ ਅਤੇ ਸਮਾਜਿਕ ਅਨਿਆਂ ਵੀ ਹੈ। ਸਿਵਲ ਸਰਜਨ, ਲੁਧਿਆਣਾ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਮਾਦਾ ਭਰੂਣ ਹੱਤਿਆ ਵਿਰੁੱਧ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨਦੀਪ ਨੇ ਦੱਸਿਆ ਕਿ ਲੜਕੀਆਂ ਅਤੇ ਲੜਕਿਆਂ ਵਿਚ ਸਮਾਨਤਾ ਲਈ ਸਰਕਾਰ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਵਲੋਂ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਜ਼ਿਲ੍ਹੇ ਭਰ ਵਿਚ ਚੱਲ ਰਹੇ ਅਲਟਰਾਸਾਉਂਡ ਸਕੈਨ ਸੈਂਟਰਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧੀਆਂ ਮਾਪਿਆਂ ’ਤੇ ਬੋਝ ਨਹੀਂ, ਸਗੋਂ ਇਕ ਵਰਦਾਨ ਹਨ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅਮਨਪ੍ਰੀਤ ਕੌਰ ਨੇ ਦੱਸਿਆ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਮਾਣ ਸਤਿਕਾਰ ਸਹਿਤ ਅੱਗੇ ਵਧਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਲੜਕੀਆਂ ਤੇ ਲੜਕਿਆਂ ਦੇ ਲਿੰਗ ਅਨੁਪਾਤ ਵਿਚ ਅੰਤਰ ਸਮਾਜਿਕ ਸੰਤੁਲਨ ਨੂੰ ਖ਼ਤਰੇ ਵਿਚ ਪਾ ਰਿਹਾ ਹੈ। ਭਵਿੱਖ ਵਿਚ ਲੜਕੇ ਅਤੇ ਲੜਕੀ ਦੇ ਅਨੁਪਾਤ ਵਿਚ ਅੰਤਰ ਖ਼ਤਰਾ ਹੈ। ਭਾਵੇਂ ਭਰੂਣ ਹੱਤਿਆ ਰੋਕਣ ਲਈ ਸਖ਼ਤ ਕਾਨੂੰਨ ਬਣੇ ਹੋਏ ਹਨ, ਪਰ ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਸਬੰਧੀ ਅੱਜ ਅਬਦੁੱਲਾਪੁਰ ਬਸਤੀ ਸਥਿਤ ਸਰਕਾਰੀ ਡਿਸਪੈਂਸਰੀ ਵਿਖੇ ਔਰਤਾਂ ਨੂੰ ਜਾਗਰੂਕ ਕਰਦਿਆਂ ਜ਼ਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ‘‘ਬੇਟੀ ਬਚਾਓ, ਬੇਟੀ ਪੜ੍ਹਾਓ’’ ਮੁਹਿੰਮ ਦੇ ਤਹਿਤ ਲੜਕੀਆਂ ਦੀ ਸਿੱਖਿਆ, ਪੋਸ਼ਣ ਅਤੇ ਸੁਰੱਖਿਆ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਲੜਕੀਆਂ ਨੂੰ ਉੱਚੀ ਸਿੱਖਿਆ, ਸਕੂਲ ਵਿਚ ਦਾਖਲਾ ਅਤੇ ਆਤਮਨਿਰਭਰ ਬਣਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਇਹ ਸੋਚਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸਟਾਫ਼ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰੋਮਾਂਚਕ ਮੁਕਾਬਲਿਆਂ ਨਾਲ ਜ਼ਿਲ੍ਹਾ ਬਾਸਕਟਬਾਲ ਚੈਂਪੀਅਨਸ਼ਿਪ ਨੇਪਰੇ ਚੜ੍ਹੀ ਅਗਲੀ ਖ਼ਬਰ ਐਸ.ਡੀ.ਪੀ. ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਨਤੀਜਿਆਂ ਨਾਲ ਕਾਲਜ ਦਾ ਨਾਂਅ ਰੌਸ਼ਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।