11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਭਾਰਤ ਵਿਚ ਐਕਿਊਪੰਕਚਰ ਨੂੰ ਸੁਤੰਤਰ ਇਲਾਜ ਪ੍ਰਣਾਲੀ ਦਾ ਦਰਜਾ ਦੇਣ ਦੀ ਉੱਠੀ ਮੰਗ

ਅਜੀਤ ਡੈਸਕ 17-07-2026
ਲੁਧਿਆਣਾ, 16 ਜੁਲਾਈ (ਡਾ. ਤਰਲੋਚਨ ਸਿੰਘ)-ਮਹਾਰਾਸ਼ਟਰ ਐਕਿਊਪੰਕਚਰ ਕੌਂਸਲ, ਮੁੰਬਈ ਵਲੋਂ ਆਯੁਸ਼ਮਾਨਸ ਐਕਿਊਪੰਕਚਰ ਕਾਲਜ, ਨਾਗਪੁਰ ਦੀ ਅਗਵਾਈ ਹੇਠ ਹੋਏ ਦੋ ਰੋਜ਼ਾ ਪਹਿਲੀ ਰਾਸ਼ਟਰੀ ਐਕਿਊਪੰਕਚਰ ਕਾਨਫ਼ਰੰਸ ਵਿਚ ਦੇਸ਼ ਭਰ ਤੋਂ ਐਕਿਊਪੰਕਚਰ ਮਾਹਿਰ, ਸਿਹਤ ਖੇਤਰ ਦੇ ਵਿਦਵਾਨ ਅਤੇ ਨੀਤੀ ਨਿਰਧਾਰਕ ਸ਼ਾਮਿਲ ਹੋਏ। ਕਾਨਫ਼ਰੰਸ ਦੌਰਾਨ 27 ਵਿਗਿਆਨਕ ਖੋਜ ਪੱਤਰ ਪੇਸ਼ ਕੀਤੇ ਗਏ। ਕਾਨਫ਼ਰੰਸ ਵਿਚ ਸਿਹਤ ਸੇਵਾਵਾਂ, ਨਸ਼ਾ ਮੁਕਤੀ ਅਤੇ ਭਾਰਤ ਵਿਚ ਐਕਿਊਪੰਕਚਰ ਨੂੰ ਸੁਤੰਤਰ ਇਲਾਜ ਪ੍ਰਣਾਲੀ ਵਜੋਂ ਮਾਨਤਾ ਦੇਣ ਦੀ ਲੋੜ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 700 ਤੋਂ ਵੱਧ ਪ੍ਰਤੀਨਿਧੀਆਂ ਨੇ ਇਸ ਕਾਨਫ਼ਰੰਸ ਵਿਚ ਹਿੱਸਾ ਲਿਆ। ਇਸ ਮੌਕੇ ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਐਂਡ ਮੈਡੀਕਲ ਕਾਲਜ ਦੇ ਡਾਇਰੈਕਟਰ ਅਤੇ ਵਰਲਡ ਫੈਡਰੇਸ਼ਨ ਆਫ਼ ਐਕਿਊਪੰਕਚਰ-ਮੋਕਸੀਬਸਟਨ ਸੁਸਾਇਟੀਆਂ ਦੇ ਕਾਰਜਕਾਰੀ ਮੈਂਬਰ ਡਾ. ਇੰਦਰਜੀਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਲਗਭਗ 50 ਸਾਲਾਂ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਅਤੇ ਮਹਾਰਾਸ਼ਟਰ ਸਮੇਤ ਕਈ ਰਾਜਾਂ ਵਿਚ ਨੌਜਵਾਨਾਂ ਵਿਚ ਨਸ਼ੇ ਦੀ ਵੱਧ ਰਹੀ ਸਮੱਸਿਆ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਐਕਿਊਪੰਕਚਰ ਨਸ਼ਾ ਛੁਡਾਉਣ ਅਤੇ ਲੋਕਾਂ ਦੀ ਸਿਹਤ ਸੁਧਾਰਨ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਕਾਨਫ਼ਰੰਸ ਦਾ ਸਭ ਤੋਂ ਖ਼ਾਸ ਆਕਰਸ਼ਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਸੰਬੋਧਨ ਰਿਹਾ। ਉਨ੍ਹਾਂ ਦੱਸਿਆ ਕਿ ਕੁੱਝ ਸਾਲ ਪਹਿਲਾਂ ਉਹ ਕਮਰ ਦੇ ਤੇਜ਼ ਦਰਦ ਨਾਲ ਪੀੜਤ ਸਨ ਅਤੇ ਹੋਰ ਇਲਾਜਾਂ ਵਿਚ ਸਰਜਰੀ ਦੀ ਸਲਾਹ ਦਿੱਤੀ ਗਈ ਸੀ, ਪਰ ਐਕਿਊਪੰਕਚਰ ਇਲਾਜ ਨਾਲ ਉਨ੍ਹਾਂ ਨੂੰ ਸਿਰਫ਼ 10 ਦਿਨਾਂ ਵਿਚ ਹੀ ਕਾਫ਼ੀ ਰਾਹਤ ਮਿਲੀ। ਉਨ੍ਹਾਂ ਇਹ ਵੀ ਦੱਸਿਆ ਕਿ ਹਾਲ ਹੀ ਵਿਚ ਉਹ ਫ੍ਰੋਜ਼ਨ ਸ਼ੋਲਡਰ ਦੀ ਸਮੱਸਿਆ ਤੋਂ ਵੀ ਮਹਾਰਾਸ਼ਟਰ ਐਕਿਊਪੰਕਚਰ ਕੌਂਸਲ ਦੀ ਚੇਅਰਪਰਸਨ ਡਾ. ਰੂਮੀ ਬੈਰਾਮਜੀ ਵਲੋਂ ਕੀਤੇ ਗਏ ਐਕਿਊਪੰਕਚਰ ਇਲਾਜ ਨਾਲ ਠੀਕ ਹੋਏ ਹਨ। ਉਨ੍ਹਾਂ ਐਕਿਊਪੰਕਚਰ ਨੂੰ ਪ੍ਰਭਾਵਸ਼ਾਲੀ ਇਲਾਜ ਪੱਧਤੀ ਦੱਸਦਿਆਂ ਮਹਾਰਾਸ਼ਟਰ ਵਿਚ ਇਸ ਦੇ ਪ੍ਰਚਾਰ-ਪ੍ਰਸਾਰ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਉਹ ਖੁਦ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਮਹਾਰਾਸ਼ਟਰ ਮਾਡਲ ਦੇ ਆਧਾਰ ’ਤੇ ਐਕਿਊਪੰਕਚਰ ਨੂੰ ਸੁਤੰਤਰ ਇਲਾਜ ਪ੍ਰਣਾਲੀ ਦਾ ਦਰਜਾ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਡਾ. ਰਮਨ ਕਪੂਰ ਅਤੇ ਡਾ. ਇੰਦਰਜੀਤ ਸਿੰਘ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੁਨੀਆ ਦੇ 139 ਤੋਂ ਵੱਧ ਦੇਸ਼ਾਂ ਵਿਚ ਐਕਿਊਪੰਕਚਰ ਨੂੰ ਸੁਤੰਤਰ ਇਲਾਜ ਪ੍ਰਣਾਲੀ ਵਜੋਂ ਮਾਨਤਾ ਮਿਲ ਚੁੱਕੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤ ਵਿਚ ਵੀ ਐਕਿਊਪੰਕਚਰ ਸੁਤੰਤਰ ਇਲਾਜ ਪ੍ਰਣਾਲੀ ਦਾ ਦਰਜਾ ਦਿੱਤਾ ਜਾਵੇ। ਕਾਨਫ਼ਰੰਸ ਵਿਚ ਰਜਿਸਟਰਾਰ ਨਾਰਾਇਣ ਨਵਾਲੇ, ਸੁਮੰਤ ਘਾਇਫਾਸ, ਹੈੱਡ ਐਚਕਿਊ ਇੰਚਾਰਜ, ਡਾ. ਰਮਨ ਕਪੂਰ, ਅਨੀਸ਼ ਗੁਪਤਾ, ਡਾ. ਮਿਰਗੇਂਦਰ ਗਾਂਤਾਇਤ, ਡਾ. ਭਾਸਕਰ, ਡਾ. ਡੀ. ਬਖ਼ਸ਼ੀ, ਡਾ. ਨਿਲੇਸ਼ ਪਟੇਲ, ਡਾ. ਸੰਦੀਪ ਚੋਪੜਾ, ਡਾ. ਸੀ. ਪਰਦੇਸੀ, ਮਯੰਕ ਸ਼ਾਹ, ਡਾ. ਨੀਲਿਮਾ ਠੱਕਰ, ਡਾ. ਰਮਾਕਾਂਤ ਅਤੇ ਡਾ. ਤ੍ਰਿਦੀਪ ਗੁਹਾ ਸਮੇਤ ਕਈ ਪ੍ਰਸਿੱਧ ਹਸਤੀਆਂ ਹਾਜ਼ਰ ਸਨ।
ਪਿਛਲੀ ਖ਼ਬਰ ਸਾਉਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾਪੂਰਵਕ ਨਾਲ ਮਨਾਇਆ ਅਗਲੀ ਖ਼ਬਰ ਭਾਰਤ-ਅਮਰੀਕਾ ਵਪਾਰਕ ਸਮਝੌਤੇ ਨਾਲ ਉਦਯੋਗ ਲਈ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।