ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਵਿਧਾਨ ਸਭਾ ਹਲਕਾ ਪੂਰਬੀ ‘ਚ ਲੱਗ ਰਹੇ ਪਸ਼ੂ ਕਾਰਕਸ ਪ੍ਰੋਸੈਸਿੰਗ/ਡਿਸਪੋਜ਼ਲ ਪਲਾਂਟ ਨੂੰ ਲੈ ਕੇ ਇਲਾਕਾ ਵਾਸੀਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਇਸ ਪਲਾਂਟ ਨੂੰ ਬੰਦ ਕਰਵਾਉਣ ਜਾਂ ਹੋਰ ਥਾਂ ਤਬਦੀਲ ਕਰਨ ਲਈ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਰਾਹੀਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਭੇਜਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਵਾਰਡ ਨੰਬਰ 13 ਵਿਚ ਨਗਰ ਨਿਗਮ ਦਾ ਪਹਿਲਾਂ ਹੀ ਇਕ ਵੱਡਾ ਕੂੜਾ ਡੰਪ ਮੌਜੂਦ ਹੈ। ਇਸ ਡੰਪ ਦੇ ਆਲੇ-ਦੁਆਲੇ ਸੰਘਣੀ ਰਿਹਾਇਸ਼ੀ ਆਬਾਦੀ, ਪਿੰਡ, ਫ਼ੈਕਟਰੀਆਂ, ਸਕੂਲ, ਧਾਰਮਿਕ ਅਸਥਾਨ ਅਤੇ ਹੋਰ ਜਨਤਕ ਸੰਸਥਾਵਾਂ ਸਥਿਤ ਹਨ। ਇਸੇ ਇਲਾਕੇ ਵਿਚ ਤਿੰਨ ਕੇਂਦਰੀ ਜੇਲ੍ਹਾਂ ਵੀ ਹਨ, ਜਿੱਥੇ ਹਜ਼ਾਰਾਂ ਕੈਦੀ ਰਹਿੰਦੇ ਹਨ। ਪਲਾਂਟ ਲੱਗਣ ਨਾਲ ਇਸ ਸਮੁੱਚੇ ਇਲਾਕੇ ਵਿਚ ਲਗਭਗ ਇਕ ਲੱਖ ਦੀ ਆਬਾਦੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਪ੍ਰਭਾਵਿਤ ਹੋ ਸਕਦੀ ਹੈ। ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਲਾਕੇ ਦੇ ਲੋਕ ਪਹਿਲਾਂ ਹੀ ਨਗਰ ਨਿਗਮ ਦੇ ਕੂੜਾ ਡੰਪ, ਬੁੱਢੇ ਨਾਲੇ ਅਤੇ ਡਾਇੰਗ ਉਦਯੋਗਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਅਤੇ ਬਦਬੂ ਤੋਂ ਪ੍ਰੇਸ਼ਾਨ ਹਨ ਅਤੇ ਅਜਿਹੇ ਵਿਚ ਇਕ ਹੋਰ ਸੰਭਾਵਿਤ ਪ੍ਰਦੂਸ਼ਣਕਾਰੀ ਇਕਾਈ ਸਥਾਪਤ ਕਰਨਾ ਲੋਕਾਂ ਉਤੇ ਸੰਯੁਕਤ ਪ੍ਰਦੂਸ਼ਣ ਬੋਝ ਹੋਰ ਵਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸਤਾਵਿਤ ਸਥਾਨ ਦੇ ਆਲੇ-ਦੁਆਲੇ ਸਕੂਲ, ਗੁਰਦੁਆਰਾ ਸਾਹਿਬ, ਮੰਦਰ ਅਤੇ ਹੋਰ ਧਾਰਮਿਕ ਸਥਾਨ ਹਨ। ਇਸ ਦੇ ਨਾਲ ਹੀ ਮੁਸਲਿਮ ਅਤੇ ਈਸਾਈ ਭਾਈਚਾਰਿਆਂ ਦੇ ਕਬਰਸਤਾਨ ਵੀ ਨੇੜੇ ਹਨ। ਉਨ੍ਹਾਂ ਮੰਗ ਪੱਤਰ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਤੁਰੰਤ ਦਖ਼ਲ ਦਿੰਦਿਆਂ ਪ੍ਰਸਤਾਵਿਤ ਪਲਾਂਟ ਦਾ ਕੰਮ ਰੋਕਣ ਦੇ ਹੁਕਮ ਦਿੱਤੇ ਜਾਣ ਅਤੇ ਪੂਰੀ ਨਿਰਪੱਖ ਜਾਂਚ ਤੋਂ ਬਾਅਦ ਹੀ ਕੋਈ ਅਗਲੀ ਕਾਰਵਾਈ ਕੀਤੀ ਜਾਵੇ।
ਹਲਕਾ ਪੂਰਬੀ ’ਚ ਲੱਗ ਰਹੇ ਪਸ਼ੂ ਕਾਰਕਸ ਪ੍ਰੋਸੈਸਿੰਗ/ ਡਿਸਪੋਜ਼ਲ ਪਲਾਂਟ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ
ਅਜੀਤ ਡੈਸਕ
23-07-2026