ਲੁਧਿਆਣਾ, 26 ਜੁਲਾਈ (ਬੈਂਸ)-ਸ਼ਹੀਦ ਭਗਤ ਸਿੰਘ ਨਗਰ ਦੀ 475 ਏਕੜ ਸਕੀਮ ਦੇ ਜੀ ਬਲਾਕ ਵਿਚ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਕੀਤੀ ਜਾ ਰਹੀ ਰੀ-ਕਾਰਪੇਟਿੰਗ ਗੰਭੀਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਭਾਰੀ ਮੀਂਹ ਦੌਰਾਨ ਕਰਵਾਏ ਗਏ ਕੰਮ ਕਾਰਨ ਨਵੀਂ ਵਿਛਾਈ ਸੜਕ ਦੀ ਪਰਤ ਥੋੜ੍ਹੇ ਸਮੇਂ ਵਿਚ ਉਖੜਨ ਲੱਗ ਪਈ, ਜਿਸ ਨਾਲ ਕੰਮ ਦੀ ਗੁਣਵੱਤਾ ਅਤੇ ਸਰਕਾਰੀ ਪੈਸੇ ਦੀ ਵਰਤੋਂ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਸਨ। ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਭੇਜ ਕੇ ਪੂਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ 19 ਜੁਲਾਈ ਨੂੰ ਵੀ ਭਾਰੀ ਮੀਂਹ ਦੇ ਬਾਵਜੂਦ ਸੜਕਾਂ ਦੀ ਰੀ-ਕਾਰਪੇਟਿੰਗ ਕੀਤੀ ਗਈ ਸੀ। ਉਸ ਸਮੇਂ ਨਵੀਂ ਵਿਛਾਈ ਸੜਕ ਦੀ ਪਰਤ ਕੁੱਝ ਹੀ ਸਮੇਂ ਵਿਚ ਟੁੱਟਣ ਅਤੇ ਉਖੜਨ ਲੱਗ ਪਈ ਸੀ। ਇਸ ਦੇ ਬਾਵਜੂਦ ਸਬੰਧਿਤ ਅਧਿਕਾਰੀਆਂ ਅਤੇ ਠੇਕੇਦਾਰ ਨੇ ਕੋਈ ਸਬਕ ਨਹੀਂ ਲਿਆ। ਸ਼ਿਕਾਇਤ ਅਨੁਸਾਰ ਮੌਸਮ ਵਿਭਾਗ ਵਲੋਂ ਲਗਾਤਾਰ ਮੀਂਹ ਦੀ ਚਿਤਾਵਨੀ ਦੇ ਬਾਵਜੂਦ ਐਤਵਾਰ 26 ਜੁਲਾਈ ਨੂੰ ਵੀ ਮੀਂਹ ਦੌਰਾਨ ਸੜਕਾਂ ਦੀ ਰੀ-ਕਾਰਪੇਟਿੰਗ ਜਾਰੀ ਰੱਖੀ ਗਈ। ਸ਼ਿਕਾਇਤ ਵਿਚ ਇਹ ਵੀ ਦੋਸ਼ ਲਗਾਇਆ ਹੈ ਕਿ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਉਨ੍ਹਾਂ ਵਲੋਂ ਮੌਕੇ ’ਤੇ ਪਹੁੰਚਣ ਦਾ ਭਰੋਸਾ ਵੀ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਪੂਰੇ ਕੰਮ ਦੌਰਾਨ ਲੁਧਿਆਣਾ ਇੰਪਰੂਵਮੈਂਟ ਟਰੱਸਟ ਦਾ ਕੋਈ ਵੀ ਸੀਨੀਅਰ ਅਧਿਕਾਰੀ ਨਿਗਰਾਨੀ ਲਈ ਮੌਕੇ ’ਤੇ ਨਹੀਂ ਪੁੱਜਿਆ। ਇਸ ਕਾਰਨ ਠੇਕੇਦਾਰ ਨੇ ਬਿਨਾ ਪ੍ਰਭਾਵਸ਼ਾਲੀ ਨਿਗਰਾਨੀ ਦੇ ਕੰਮ ਜਾਰੀ ਰੱਖਿਆ, ਜਿਸ ਨਾਲ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਸੰਭਾਵੀ ਮਿਲੀਭੁਗਤ ਨੂੰ ਲੈ ਕੇ ਵੀ ਗੰਭੀਰ ਸਵਾਲ ਉਠ ਰਹੇ ਹਨ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਕਰੀਬ 6 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਜਨਤਾ ਦੇ ਪੈਸੇ ਨਾਲ ਚੱਲ ਰਿਹਾ ਹੈ। ਅਜਿਹੇ ਵਿਚ ਗੁਣਵੱਤਾ ਨਾਲ ਸਮਝੌਤਾ ਕਰਨਾ ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਬਰਾਬਰ ਹੈ। ਡਿਪਟੀ ਕਮਿਸ਼ਨਰ ਕੋਲ ਮੰਗ ਕੀਤੀ ਗਈ ਹੈ ਕਿ ਪੂਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ।