10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨੇ ਵਿਗਾੜੀ ਸ਼ਹਿਰ ਲੁਧਿਆਣਾ ਦੀ ਤਸਵੀਰ

ਅਜੀਤ ਡੈਸਕ 29-07-2026

ਲੁਧਿਆਣਾ, 28 ਜੁਲਾਈ (ਭੁਪਿੰਦਰ ਸਿੰਘ ਬੈਂਸ)-ਬਰਨਾਲਾ ਵਿਖੇ ਸਫ਼ਾਈ ਸੇਵਕਾਂ ਉਤੇ ਹੋਏ ਲਾਠੀਚਾਰਜ ਅਤੇ ਕੁੱਟਮਾਰ ਦੇ ਵਿਰੋਧ ਵਿਚ ਪੰਜਾਬ ਭਰ ਦੇ ਸਫ਼ਾਈ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਹੜਤਾਲ ਦਾ ਅਸਰ ਹੁਣ ਮਹਾਂਨਗਰ ਵਿਚ ਵੀ ਸਪਸ਼ਟ ਨਜ਼ਰ ਆ ਰਿਹਾ ਹੈ। ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ ਅਤੇ ਹਰ ਪਾਸੇ ਕੂੜੇ ਦੇ ਢੇਰ ਲੱਗਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਨਗਰ ਨਿਗਮ ਵਲੋਂ ਚਲਾਇਆ ਜਾ ਰਿਹਾ ਮਿਸ਼ਨ ਕਲੀਨ ਪੰਜਾਬ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਕੂੜਾ ਕਈ ਦਿਨਾਂ ਤੋਂ ਨਾ ਚੁੱਕੇ ਜਾਣ ਕਾਰਨ ਸੜਕਾਂ ਦੇ ਕਿਨਾਰੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਘੰਟਾ ਘਰ ਰੋਡ ਅਤੇ ਫਲਾਈਓਵਰ ਹੇਠਾਂ ਵੱਡੀ ਗਿਣਤੀ ਵਿਚ ਕੂੜਾ ਇਕੱਠਾ ਹੋਇਆ ਪਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਕਈ ਇਲਾਕਿਆਂ ਵਿਚ ਵੀ ਇਹੋ ਜਿਹੇ ਹਾਲਾਤ ਬਣੇ ਹੋਏ ਹਨ, ਜਿਸ ਕਾਰਨ ਮਹਾਂਨਗਰ ਦੀ ਸੂਰਤ ਬਦ ਤੋਂ ਬਦਤਰ ਹੁੰਦੀ ਨਜ਼ਰ ਆ ਰਹੀ ਹੈ। ਬਰਸਾਤੀ ਮੌਸਮ ਦੀ ਸ਼ੁਰੂਆਤ ਹੋਣ ਨਾਲ ਸੜਦੇ ਕੂੜੇ ਤੋਂ ਬਦਬੂ ਅਤੇ ਮੱਛਰਾਂ ਦੇ ਵਾਧੇ ਕਾਰਨ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਗਿਆ ਹੈ। ਸ਼ਹਿਰ ਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਨਤਕ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਜਲਦ ਤੋਂ ਜਲਦ ਕੂੜਾ ਚੁਕਵਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਗੰਦਗੀ ਅਤੇ ਬਦਬੂ ਤੋਂ ਰਾਹਤ ਮਿਲ ਸਕੇ।
ਨਿਗਮ ਕਰਮਚਾਰੀਆਂ ਦਾ ਰੋਸ ਜਾਰੀ, ਦੁੱਗਰੀ ਸਟੈਟਿਕ ਕੰਪੈਕਟਰ ਨੂੰ ਲਾਇਆ ਤਾਲਾ
ਬਰਨਾਲਾ ਘਟਨਾ ਦੇ ਵਿਰੋਧ ਵਿਚ ਇਕ ਪਾਸੇ ਜ਼ੋਨ ਏ ਦਫ਼ਤਰ ਦੇ ਬਾਹਰ ਕਰਮਚਾਰੀਆਂ ਵਲੋਂ ਰੋਜ਼ਾਨਾ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਦੁੱਗਰੀ ਸਥਿਤ ਸਟੈਟਿਕ ਕੰਪੈਕਟਰ ਨੂੰ ਤਾਲਾ ਲਗਾ ਕੇ ਵੀ ਰੋਸ ਜਤਾਇਆ ਗਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਬਰਨਾਲਾ ਵਿਚ ਸਫ਼ਾਈ ਕਰਮਚਾਰੀਆਂ ਉਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਪਿਛਲੀ ਖ਼ਬਰ ਨਗਰ ਨਿਗਮ ਦੇ ਜ਼ੋਨ ਏ. ਦਫ਼ਤਰ ਅੱਗੇ ਦੂਜੇ ਦਿਨ ਵੀ ਸਫ਼ਾਈ ਕਰਮਚਾਰੀਆਂ ਦਾ ਰੋਸ ਪ੍ਰਦਰਸ਼ਨ ਜਾਰੀ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।