ਲੁਧਿਆਣਾ, 8 ਅਗਸਤ (ਪਰਮਿੰਦਰ ਸਿੰਘ ਆਹੂਜਾ)-ਡਾ. ਏ.ਵੀ.ਐਮ. ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਨੇੜੇ ਈਸਾ ਨਗਰੀ ਪੁਲੀ ਵਿਖੇ ਮੌਸਮ ਵਿਚ ਬਦਲਾਅ ਦੌਰਾਨ ਹੋਣ ਵਾਲੀਆਂ ਵਾਇਰਲ ਬਿਮਾਰੀਆਂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸੀ.ਐਮ.ਸੀ. ਹਸਪਤਾਲ ਦੇ ਨਰਸਿੰਗ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਰਾਜੀਵ ਕੁਮਾਰ ਲਵਲੀ ਅਤੇ ਪ੍ਰਿੰਸੀਪਲ ਮਨੀਸ਼ਾ ਗਾਬਾ ਵਲੋਂ ਸੀ.ਐਮ.ਸੀ. ਤੋਂ ਆਈ ਟੀਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਬਦਲਦੇ ਮੌਸਮ ਦੇ ਨਾਲ-ਨਾਲ ਵਾਇਰਲ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਡਾ. ਏ.ਵੀ.ਐਮ. ਪਬਲਿਕ ਸੀਨੀਅਰ ਸਕੈਂਡਰੀ ਸਕੂਲ ਵਿਚ ਬੱਚਿਆਂ ਨੂੰ ਵਿੱਦਿਅਕ ਸਿੱਖਿਆ ਦੇਣ ਤੋਂ ਇਲਾਵਾ ਆਪਣੇ ਆਲੇ-ਦੁਆਲੇ ਦੀ ਸਵੱਛਤਾ ਅਤੇ ਨੈਤਿਕ ਗੁਣਾਂ ਪ੍ਰਤੀ ਵੀ ਜਾਗਰੂਕ ਕੀਤਾ ਜਾਂਦਾ ਹੈ। ਸੈਮੀਨਾਰ ਦੌਰਾਨ ਹਸਪਤਾਲ ਦੇ ਨਰਸਿੰਗ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸਕੂਲੀ ਬੱਚਿਆਂ ਨੂੰ ਖੜੇ ਪਾਣੀ ਵਿਚ ਪੈਦਾ ਹੋਣ ਵਾਲੇ ਮੱਛਰਾਂ ਪ੍ਰਤੀ ਸਾਵਧਾਨ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਬਿਮਾਰੀ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਘਰਾਂ ਦੀਆ ਛੱਤਾਂ ’ਤੇ ਖੁੱਲ੍ਹੇ ਸਥਾਨਾਂ ਉੱਪਰ ਗਮਲਿਆਂ, ਪੁਰਾਣੇ ਟਾਇਰਾਂ ਅਤੇ ਕੂਲਰਾਂ ਵਿਚ ਰਹਿ ਜਾਣ ਵਾਲਾ ਪਾਣੀ ਡੇਂਗੂ ਦੇ ਮੱਛਰ ਦੇ ਪੈਦਾ ਹੋਣ ਦਾ ਕਾਰਨ ਬਣਦਾ ਹੈ। ਇਹਨਾਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੇ ਘਰ ਅਤੇ ਆਲੇ- ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦੀ ਲੋੜ ਹੈ। ਇਸ ਸੈਮੀਨਾਰ ਵਿਚ ਸਕੂਲ ਸਟਾਫ਼ ਵਲੋਂ ਵੀ ਵੱਧ-ਚੜ ਕੇ ਹਿੱਸਾ ਲਿਆ ਗਿਆ। ਜਿੱਥੇ ਹੋਰਨਾਂ ਤੋਂ ਇਲਾਵਾ ਅਮਿਤਾ ਰਾਜਨ, ਹਰਸ਼ ਬਾਲਾ, ਸੋਨੀਆ, ਕਾਮਿਨੀ, ਇਸ਼ੀਤਾ ਕਤਿਆਲ, ਨਵਨੀਤ ਕੌਰ, ਜਸਵੰਤ ਕੌਰ, ਰੂਬੀ ਵਰਮਾ, ਰੀਮਾ, ਗੁਰਪ੍ਰੀਤ ਬਜਾਜ, ਕੁਲਦੀਪ ਕੌਰ, ਵੰਦਨਾ ਸੂਦ, ਨਿਸ਼ੂ, ਮੰਜੂ, ਹਰਜੀਤ ਕੌਰ, ਮੁਸਕਾਨ, ਹਰਸ਼ ਬਾਲਾ, ਗੁਰਲੀਨ ਕੌਰ ਵੀ ਮੌਜੂਦ ਰਹੇ।