ਵੱਖ ਵੱਖ ਸੜਕ ਹਾਦਸਿਆਂ ਵਿਚ ਦੋ ਮੌਤਾਂ
ਲੁਧਿਆਣਾ, 8 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਹੋਏ ਵੱਖ-ਵੱਖ ਦੋ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਸਥਾਨਕ ਪੁਲਿਸ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਅੱਧੀ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਲਵਪ੍ਰੀਤ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ਦੀ ਮੌਤ ਹੋ ਗਈ।
ਲੁਧਿਆਣਾ, 8 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਹੋਏ ਵੱਖ-ਵੱਖ ਦੋ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਸਥਾਨਕ ਪੁਲਿਸ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਅੱਧੀ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਲਵਪ੍ਰੀਤ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ਦੀ ਮੌਤ ਹੋ ਗਈ। ਲਵਪ੍ਰੀਤ ਸਿੰਘ ਦੇਰ ਰਾਤ ਇਕ ਵਜੇ ਦੇ ਕਰੀਬ ਆਪਣੇ ਘਰ ਵਾਪਸ ਜਾ ਰਿਹਾ ਸੀ, ਜਦੋਂ ਉਹ ਪੁਲਿਸ ਕਮਿਸ਼ਨਰ ਦੀ ਰਿਹਾਇਸ਼ ਨੇੜੇ ਪਹੁੰਚਿਆ ਤਾਂ ਇਕ ਤੇਜ਼ ਰਫ਼ਤਾਰ ਦੇ ਟਰੱਕ ਨੇ ਉਸ ਨੂੰ ਲਪੇਟ ਵਿਚ ਲੈ ਲਿਆ। ਅੱਖੀਂ ਦੇਖਣ ਵਾਲਿਆਂ ਮੁਤਾਬਿਕ ਟਰੱਕ ਦੀ ਰਫ਼ਤਾਰ ਜ਼ਿਆਦਾ ਤੇਜ਼ ਸੀ ਕਿ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜਕ ’ਤੇ ਜਾ ਰਹੇ ਲਵਪ੍ਰੀਤ ਨੂੰ ਆਪਣੀ ਲਪੇਟ ਵਿਚ ਲੈ ਲਿਆ। ਲਵਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ । ਸੂਚਨਾ ਮਿਲਦਿਆਂ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਹਾਲ ਦੀ ਘੜੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਦੂਜੇ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 7 ਦੇ ਘੇਰੇ ਅੰਦਰ ਪੈਂਦੇ ਇਲਾਕੇ ਵੈਸ਼ਨੂੰ ਧਾਮ ਕੱਟ ਨੇੜੇ ਹੋਏ ਸੜਕ ਹਾਦਸੇ ਵਿਚ ਕੁਮਾਰ ਨਾਮੀ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਵਲੋਂ ਇਸ ਮਾਮਲੇ ਵਿਚ ਨਗਿੰਦਰ ਕੁਮਾਰ ਦੀ ਪਤਨੀ ਬਿੰਦੂ ਦੇਵੀ ਦੀ ਸ਼ਿਕਾਇਤ ’ਤੇ ਟਿੱਪਰ ਚਾਲਕ ਵਰਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਪਤੀ ਬੀਤੇ ਦਿਨ ਆਪਣੇ ਸਾਈਕਲ ’ਤੇ ਵਰਧਮਾਨ ਰੋਡ ’ਤੇ ਜਾ ਰਿਹਾ ਸੀ, ਜਦੋਂ ਉਹ ਵੈਸ਼ਨੂੰ ਧਾਮ ਕੱਟ ਨੇੜੇ ਪਹੁੰਚਿਆ ਤਾਂ ਤੇਜ਼ ਰਫ਼ਤਾਰ ਟਿੱਪਰ ਨੇ ਉਸ ਨੂੰ ਲਪੇਟ ਵਿਚ ਲੈ ਲਿਆ। ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਕਿ ਦੇਰ ਰਾਤ ਉਹ ਦਮ ਤੋੜ ਗਿਆ। ਪੁਲਿਸ ਵਲੋਂ ਨਗਿੰਦਰ ਦੀ ਲਾਸ਼ ਵੀ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।