25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜਾਗ੍ਰਿਤੀ ਸੈਨਾ ਵਲੋਂ ਪ੍ਰਿੰਸੀਪਲ ਸਿਹਤ ਸਕੱਤਰ ਤੋਂ ਜਾਂਚ ਦੀ ਮੰਗ

ਲੁਧਿਆਣਾ, 24 ਸਤੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਕੱਤਰ ਵਲੋਂ ਆਪਣੇ ਡਾਕਟਰਾਂ ਨੂੰ ਦੋ ਮਹੀਨਿਆਂ ਵਿਚ 250 ਸਰਜਰੀਆਂ ਕਰਨ ਦਾ ਟੀਚਾ ਦਿੱਤੇ ਜਾਣ ਸਬੰਧੀ ਸਾਹਮਣੇ ਆਈ ਵੀਡੀਓ ਨੂੰ ਲੈ ਕੇ ਜਾਗ੍ਰਿਤੀ ਸੈਨਾ ਵਲੋਂ ਗੰਭੀਰ ਸਵਾਲ ਉਠਾਏ ਗਏ ਹਨ।

ਪ੍ਰਿੰਸੀਪਲ ਸਿਹਤ ਸਕੱਤਰ ਪੰਜਾਬ ਨੂੰ ਭੇਜੀ ਲਿਖਤੀ ਸ਼ਿਕਾਇਤ ਦੀ ਕਾਪੀ ਸੰਬੰਧੀ ਜਾਣਕਾਰੀ ਦਿੰਦੇ ਜਾਗ੍ਰਿਤੀ ਸੈਨਾ ਦੇ ਅਹੁਦੇਦਾਰ। ਅਜੀਤ ਤਸਵੀਰ 25-09-2026
ਲੁਧਿਆਣਾ, 24 ਸਤੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਕੱਤਰ ਵਲੋਂ ਆਪਣੇ ਡਾਕਟਰਾਂ ਨੂੰ ਦੋ ਮਹੀਨਿਆਂ ਵਿਚ 250 ਸਰਜਰੀਆਂ ਕਰਨ ਦਾ ਟੀਚਾ ਦਿੱਤੇ ਜਾਣ ਸਬੰਧੀ ਸਾਹਮਣੇ ਆਈ ਵੀਡੀਓ ਨੂੰ ਲੈ ਕੇ ਜਾਗ੍ਰਿਤੀ ਸੈਨਾ ਵਲੋਂ ਗੰਭੀਰ ਸਵਾਲ ਉਠਾਏ ਗਏ ਹਨ। ਸੰਸਥਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਰਜਰੀਆਂ ਦਾ ਟੀਚਾ ਤੈਅ ਕਰਨਾ ਮਰੀਜ਼ਾਂ ਦੇ ਇਲਾਜ ਨਾਲ ਜੁੜੇ ਡਾਕਟਰੀ ਫ਼ੈਸਲਿਆਂ ਅਤੇ ਪਵਿੱਤਰ ਡਾਕਟਰੀ ਪੇਸ਼ੇ ਦੀ ਨੈਤਿਕਤਾ ਸਬੰਧੀ ਗੰਭੀਰ ਚਿੰਤਾ ਪੈਦਾ ਕਰਦਾ ਹੈ। ਇਸ ਮਾਮਲੇ ਸਬੰਧੀ ਜਾਗ੍ਰਿਤੀ ਸੈਨਾ ਵਲੋਂ ਪਹਿਲਾਂ ਸਿਵਲ ਸਰਜਨ ਲੁਧਿਆਣਾ, ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਅਤੇ ਚੇਅਰਮੈਨ ਪੰਜਾਬ ਮੈਡੀਕਲ ਕੌਂਸਲ ਨੂੰ ਲਿਖਤੀ ਸ਼ਿਕਾਇਤ ਦੇ ਕੇ ਹਸਪਤਾਲ ਦਾ ਮੈਡੀਕਲ ਆਡਿਟ ਕਰਵਾਉਣ ਦੀ ਮੰਗ ਕੀਤੀ ਗਈ ਸੀ, ਤਾਂ ਜੋ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਦੀ ਵਿਵਸਥਾ ਕਦੋਂ ਤੋਂ ਚੱਲ ਰਹੀ ਹੈ ਅਤੇ ਭਵਿੱਖ ਵਿਚ ਇਸ ਨੂੰ ਰੋਕਣ ਲਈ ਕੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਜਾਗ੍ਰਿਤੀ ਸੈਨਾ ਦਾ ਦੋਸ਼ ਹੈ ਕਿ ਤਿੰਨਾਂ ਸਬੰਧਿਤ ਅਧਿਕਾਰੀਆਂ ਵਲੋਂ ਇਸ ਮਾਮਲੇ ਵਿਚ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ। ਸੰਸਥਾ ਵਲੋਂ ਹੁਣ ਇਹ ਮਾਮਲਾ ਪੰਜਾਬ ਸਰਕਾਰ ਦੇ ਉੱਚ ਪੱਧਰ ਤੱਕ ਪਹੁੰਚਾਉਂਦੇ ਹੋਏ ਅੱਜ ਜੀਏ-2 ਟੂ ਡੀ.ਸੀ. ਸ਼ਿਖਾ ਗੋਇਲ ਰਾਹੀਂ ਪ੍ਰਿੰਸੀਪਲ ਸਿਹਤ ਸਕੱਤਰ, ਪੰਜਾਬ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਹੈ।ਜਾਗ੍ਰਿਤੀ ਸੈਨਾ ਵਲੋਂ ਮੰਗ ਕੀਤੀ ਗਈ ਹੈ ਕਿ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਕੱਤਰ ਵਲੋਂ ਪਾਈ ਗਈ ਸਬੰਧਿਤ ਵੀਡੀਓ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਪਹਿਲਾਂ ਸ਼ਿਕਾਇਤ ਪ੍ਰਾਪਤ ਕਰਨ ਵਾਲੇ ਤਿੰਨਾਂ ਅਧਿਕਾਰੀਆਂ ਦੀ ਭੂਮਿਕਾ ਅਤੇ ਉਨ੍ਹਾਂ ਵਲੋਂ ਕੀਤੀ ਗਈ ਕਾਰਵਾਈ ਦੀ ਜਾਂਚ ਕੀਤੀ ਜਾਵੇ। ਹਸਪਤਾਲ ਦਾ ਪਿਛਲੇ ਪੰਜ ਸਾਲਾਂ ਦਾ ਮੈਡੀਕਲ ਆਡਿਟ ਕਰਵਾਇਆ ਜਾਵੇ। ਆਡਿਟ ਦੌਰਾਨ ਇਹ ਜਾਂਚ ਕੀਤੀ ਜਾਵੇ ਕਿ ਮਰੀਜ਼ਾਂ ਦੀਆਂ ਸਰਜਰੀਆਂ ਡਾਕਟਰੀ ਲੋੜ ਅਨੁਸਾਰ ਕੀਤੀਆਂ ਗਈਆਂ ਜਾਂ ਕਿਸੇ ਟੀਚੇ ਜਾਂ ਦਬਾਅ ਦੀ ਵਿਵਸਥਾ ਮੌਜੂਦ ਸੀ। ਜਾਂਚ ਦੌਰਾਨ ਜੇਕਰ ਕਿਸੇ ਵਿਅਕਤੀ ਜਾਂ ਅਧਿਕਾਰੀ ਦੀ ਜ਼ਿੰਮੇਵਾਰੀ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ‘’ ਪ੍ਰੋਬਾਇਓਟਿਕ ਮਾਈਕ੍ਰੋਬਾਇਓਟਾ ਅਤੇ ਅੰਤੜੀਆਂ ਦੀ ਸਿਹਤ ’’ ਵਿਸ਼ੇ ‘ ਤੇ ਸੈਮੀਨਾਰ ਅਗਲੀ ਖ਼ਬਰ ਗਿੱਲ ਰੋਡ ਦੀ ਟੁੱਟੀ ਸੜਕ ’ ਤੇ ਆਖਰ ਗੂੰਜੀ ਕਾਰਵਾਈ ਦੀ ਆਵਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।