13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਰਾਜਧਾਨੀ ਚੰਡੀਗੜ੍ਹ 'ਚ ਮੇਅਰ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਕਾਂਗਰਸ ਆਹਮੋ-ਸਾਹਮਣੇ <br/>

ਅਜੀਤ ਡੈਸਕ 25-01-2026
ਚੰਡੀਗੜ੍ਹ, 24 ਜਨਵਰੀ (ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ | ਮੇਅਰ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਅਤੇ ਕਾਂਗਰਸ ਆਹਮੋ-ਸਾਹਮਣੇ ਨਜ਼ਰ ਆ ਰਹੇ ਹਨ | ਭਾਜਪਾ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ 'ਤੇ ਸਹਿਯੋਗ ਨਾ ਦੇਣ ਦੇ ਦੋਸ਼ ਲਗਾਉਣ ਤੋਂ ਬਾਅਦ ਕਾਂਗਰਸ ਨੇ ਵੀ ਪਲਟਵਾਰ ਕਰਦਿਆਂ ਕਈ ਸਵਾਲ ਖੜ੍ਹੇ ਕੀਤੇ ਹਨ | ਮੇਅਰ ਹਰਪ੍ਰੀਤ ਕੌਰ ਬਬਲਾ ਨੇ ਜਿੱਥੇ ਇਕ ਦੌਰਾਨ ਦੀਆਂ ਆਪਣੀਆਂ ਉਪਲਬਧੀਆਂ ਗਿਣਾਈਆਂ, ਜਦਕਿ ਕਾਂਗਰਸ ਨੇ ਗਊਆਂ ਦੀ ਮੌਤ ਅਤੇ ਮਨੀਮਾਜਰਾ ਹਾਊਸਿੰਗ ਪ੍ਰੋਜੈਕਟ ਵਰਗੇ ਮਸਲਿਆਂ ਨੂੰ ਲੈ ਕੇ ਭਾਜਪਾ ਨੂੰ ਨਿਸ਼ਾਨੇ 'ਤੇ ਲਿਆ | ਕਾਂਗਰਸ ਦਾ ਦੋਸ਼ ਹੈ ਕਿ ਭਾਜਪਾ ਦੇ ਸ਼ਾਸਨ ਦੌਰਾਨ ਨਗਰ ਨਿਗਮ ਨਾਲ ਸੰਬੰਧਿਤ ਅਹਿਮ ਮਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ | ਇਸ ਬਿਆਨਬਾਜ਼ੀ ਤੋਂ ਬਾਅਦ ਮਾਹੌਲ ਹੋਰ ਵੀ ਤਣਾਅਪੂਰਨ ਹੋ ਗਿਆ, ਇਥੋਂ ਤੱਕ ਕਿ ਕਈ ਸੋਸ਼ਲ ਮੀਡੀਆ ਗਰੱੁਪਾਂ ਵਿਚ ਵੀ ਦੋਵੇਂ ਪਾਰਟੀਆਂ ਦੇ ਸਮਰਥਕ ਆਪਸ ਭਿੜਦੇ ਦੇਖੇ ਜਾ ਰਹੇ ਹਨ | ਦੂਜੇ ਪਾਸੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਚੰਡੀਗੜ੍ਹ ਕਾਂਗਰਸ ਕਮੇਟੀ ਦੇ ਪ੍ਰਧਾਨ ਐਚ.ਐਸ. ਲੱਕੀ, ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣਾ ਮਹਿਤਾ ਨੇ ਭਾਜਪਾ ਦੀ ਮੇਅਰ ਵਲੋਂ ਗਿਣਵਾਈਆਂ ਗਈਆਂ 'ਉਪਲਬਧੀਆਂ' ਨੂੰ ਤੱਥਾਂ ਦੇ ਆਧਾਰ 'ਤੇ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦਾ ਪਿਛਲਾ ਇਕ ਸਾਲ ਨਾਕਾਮੀਆਂ, ਬਦ-ਇੰਤਜ਼ਾਮੀ ਅਤੇ ਜਨ-ਵਿਰੋਧੀ ਫ਼ੈਸਲਿਆਂ ਨਾਲ ਭਰਿਆ ਹੋਇਆ ਰਿਹਾ ਹੈ, ਜਿਸਨੂੰ ਚੰਡੀਗੜ੍ਹ ਦੇ ਲੋਕ ਨਹੀਂ ਭੁੱਲਣਗੇ | ਉਨ੍ਹਾਂ ਕਿਹਾ ਕਿ ਮੌਜੂਦਾ ਨਗਰ ਨਿਗਮ ਮੇਅਰ ਦਾ ਕਾਰਜਕਾਲ ਚੰਡੀਗੜ੍ਹ ਦੇ ਇਤਿਹਾਸ ਵਿਚ ਪ੍ਰਸ਼ਾਸਕੀ ਅਰਾਜਕਤਾ , ਸੰਵੇਦਨਹੀਨਤਾ ਅਤੇ ਦਿਸ਼ਾਹੀਣਤਾ ਦਾ ਪ੍ਰਤੀਕ ਬਣ ਚੁੱਕਾ ਹੈ | ਇਹ ਕੋਈ ਦੋਸ਼ ਨਹੀਂ, ਸਗੋਂ ਪਿਛਲੇ ਇਕ ਸਾਲ ਦੀ ਕੌੜੀ ਹਕੀਕਤ ਹੈ | ਉਨ੍ਹਾਂ ਕਿਹਾ ਕਿ ਗਾਂ ਦੇ ਨਾਮ 'ਤੇ ਰਾਜਨੀਤੀ ਕਰਨ ਵਾਲੀ ਭਾਜਪਾ ਦੇ ਮੇਅਰ ਦੇ ਕਾਰਜਕਾਲ ਦੇ ਦੂਜੇ ਹੀ ਦਿਨ ਮਲੋਆ ਗਊਸ਼ਾਲਾ ਵਿਚ ਕਰੰਟ ਲੱਗਣ ਕਾਰਨ 8 ਗਾਵਾਂ ਅਤੇ ਇਕ ਨੰਦੀ ਦੀ ਦਰਦਨਾਕ ਮੌਤ ਹੋ ਗਈ | ਜਾਂਚ ਦਾ ਐਲਾਨ ਤਾਂ ਕੀਤਾ ਗਿਆ, ਪਰ ਅੱਜ ਤੱਕ ਨਾ ਤਾਂ ਕੋਈ ਨਿਰਪੱਖ ਜਾਂਚ ਹੋਈ ਅਤੇ ਨਾ ਹੀ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ | ਇਸ ਤੋਂ ਬਾਅਦ ਰਾਇਪੁਰਕਲਾਂ ਗਊਸ਼ਾਲਾ ਵਿਚ 50 ਤੋਂ ਵੱਧ ਗਾਵਾਂ, ਨੰਦੀਆਂ ਅਤੇ ਵੱਛੜਿਆਂ ਦੀ ਮੌਤ ਨੇ ਪ੍ਰਸ਼ਾਸਨ ਦੀ ਸੰਵੇਦਨਹੀਨਤਾ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ | ਨਗਰ ਨਿਗਮ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ ਪੈਨਸ਼ਨ ਫ਼ੰਡ ਵਿਚੋਂ ਪੈਸਾ ਕੱਢਣਾ ਪਿਆ, ਜੋ ਆਪਣੇ ਆਪ ਵਿਚ ਵਿੱਤੀ ਕੁਪ੍ਰਬੰਧਨ ਦਾ ਸਭ ਤੋਂ ਵੱਡਾ ਸਬੂਤ ਹੈ | ਜਿਸ ਕਾਰਨ ਕਰਮਚਾਰੀ ਅਤੇ ਆਮ ਲੋਕ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਏ | ਮਨੀਮਾਜਰਾ ਵਿਚ 24 ਘੰਟੇ ਪਾਣੀ ਸਪਲਾਈ ਦਾ ਦਾਅਵਾ ਪੂਰੀ ਤਰ੍ਹਾਂ ਨਾਕਾਮ ਰਿਹਾ | ਇਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ ਅਤੇ ਨਿਗਮ ਦੇ ਮਾਲੀਏ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ | ਅੱਜ ਵੀ ਮਨੀਮਾਜਰਾ ਦੇ ਵਸਨੀਕ ਪਾਣੀ ਕਨੈੱਕਸ਼ਨ ਅਤੇ ਐਨ.ਓ.ਸੀ ਲਈ ਨਿਗਮ ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ |
ਫਾਇਰ ਬਿ੍ਗੇਡ ਕਰਮੀਂ, ਟਿਊਬਵੈੱਲ ਓਪਰੇਟਰ, ਕੋਵਿਡ ਫ਼ੀਲਡ ਸਟਾਫ਼ ਅਤੇ ਸਕਾਡਾ ਸਟਾਫ਼-ਜਿਨ੍ਹਾਂ ਨੇ ਸੰਕਟ ਦੇ ਸਮੇਂ ਸ਼ਹਿਰ ਦੀ ਸੇਵਾ ਕੀਤੀ-ਉਨ੍ਹਾਂ ਨੂੰ ਸਨਮਾਨ ਦੇਣ ਦੀ ਬਜਾਏ ਨੌਕਰੀ ਤੋਂ ਕੱਢ ਦਿੱਤਾ ਗਿਆ | ਮੇਅਰ ਦੇ ਕਾਰਜਕਾਲ ਦੌਰਾਨ ਪ੍ਰਾਪਰਟੀ ਟੈਕਸ ਤਿੰਨ ਗੁਣਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਭਾਰੀ ਜਨ-ਵਿਰੋਧ ਤੋਂ ਬਾਅਦ ਮਜਬੂਰੀ ਵਿਚ ਇਸਨੂੰ ਦੋ ਗੁਣਾ ਕੀਤਾ ਗਿਆ, ਜਿਸ ਨਾਲ ਸ਼ਹਿਰ ਵਾਸੀਆਂ ਵਿਚ ਭਾਰੀ ਗੁੱਸਾ ਹੈ | ਦੂਜੇ ਪਾਸੇ ਭਾਜਪਾ ਆਗੂ ਅਤੇ ਚੰਡੀਗੜ੍ਹ ਦੇ ਪ੍ਰਦੇਸ਼ ਮਹਾਂ ਮੰਤਰੀ ਸੰਜੀਵ ਰਾਣਾ ਨੇ ਕਾਂਗਰਸ ਪਾਰਟੀ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਮੇਅਰ 'ਤੇ ਬੇਬੁਨਿਆਦ ਦੋਸ਼ ਲਗਾਉਣ ਤੋਂ ਪਹਿਲਾਂ ਕਾਂਗਰਸ ਨੂੰ ਚੰਡੀਗੜ੍ਹ ਦੀ ਜਨਤਾ ਸਾਹਮਣੇ ਕਈ ਗੰਭੀਰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ | ਰਾਣਾ ਨੇ ਕਿਹਾ ਕਿ ਜਦੋਂ ਰਾਤ ਦੇ ਹਨੇਰੇ ਵਿਚ ਚੰਡੀਗੜ੍ਹ ਦੀ ਧੀ ਨੂੰ ਜ਼ਬਰਦਸਤੀ ਪੰਜਾਬ ਪੁਲਿਸ ਵਲੋਂ ਚੁੱਕ ਲੈਂ ਗਈ ਸੀ , ਉਸ ਸਮੇਂ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਖ਼ਾਮੋਸ਼ ਕਿਉਂ ਰਹੀ? ਨਾ ਤਾਂ ਕਾਂਗਰਸ ਦੇ ਕਿਸੇ ਸੰਸਦ ਮੈਂਬਰ ਨੇ ਇਸ ਘਟਨਾ ਦਾ ਵਿਰੋਧ ਕੀਤਾ ਅਤੇ ਨਾ ਹੀ ਕਿਸੇ ਵੱਡੇ ਨੇਤਾ ਨੇ ਇਸ ਨੂੰ ਗ਼ਲਤ ਕਹਿਣ ਦੀ ਹਿੰਮਤ ਦਿਖਾਈ | ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਸਨਮਾਨ ਅਤੇ ਲੋਕਤੰਤਰਿਕ ਮੁੱਲਾਂ ਦੀ ਗੱਲ ਕਰਨ ਵਾਲੀ ਕਾਂਗਰਸ ਪਾਰਟੀ ਦਾ ਇਹ ਦੋਹਰਾ ਚਿਹਰਾ ਹੁਣ ਜਨਤਾ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ | ਸੱਤਾ ਅਤੇ ਸਵਾਰਥ ਦੇ ਚੱਕਰ ਵਿਚ ਕਾਂਗਰਸ ਨੇ ਚੰਡੀਗੜ੍ਹ ਦੀ ਇੱਜ਼ਤ ਅਤੇ ਧੀ ਦ ਸਨਮਾਨ ਨਾਲ ਸਮਝੌਤਾ ਕਰ ਲਿਆ ਹੈ |

ਪਿਛਲੀ ਖ਼ਬਰ ਨਿਗਮ ਨੇ 1600 ਕਿਲੋਗ੍ਰਾਮ ਪਾਬੰਦੀਸ਼ੁਦਾ ਲਿਫ਼ਾਫ਼ੇ ਕੀਤੇ ਜ਼ਬਤ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਉਪਦੇਸ਼ਾਂ ਤੇ ਬਲੀਦਾਨ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।