ਪੰਚਕੂਲਾ, 13 ਫਰਵਰੀ (ਕਪਿਲ)-ਪੰਚਕੂਲਾ ਵਿਖੇ ਡੀ. ਐੱਸ. ਪੀ. ਸੁਰਿੰਦਰ ਸਿੰਘ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਪੁਲਿਸ ਨੇ ਇਕ ਮੁਲਜ਼ਮ ਕੁਲਵਿੰਦਰ ਪੁਹਾਲ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਪੁਲਿਸ ਵਲੋਂ ਮੁਲਜ਼ਮ ਨੂੰ ਕਾਬੂ ਕਰਨ ਉਪਰੰਤ ਅੱਜ ਪੰਚਕੂਲਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਅੰਬਾਲਾ ਜੇਲ੍ਹ ਭੇਜ ਦਿੱਤਾ ਗਿਆ | ਡੀ. ਐੱਸ. ਪੀ. ਸੁਰਿੰਦਰ ਯਾਦਵ ਨੇ ਦੱਸਿਆ ਕਿ ਲਗਪਗ 6 ਵਿਅਕਤੀਆਂ ਨੇ ਮਿਲ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ | ਉਨ੍ਹਾਂ ਦੱਸਿਆ ਕਿ ਸਾਲ 2022 'ਚ ਜਦੋਂ ਉਹ ਪੰਚਕੂਲਾ ਵਿਖੇ ਤਾਇਨਾਤ ਸਨ ਤਾਂ ਉਨ੍ਹਾਂ ਨੇ ਆਪਣੇ ਦਫ਼ਤਰ 'ਚ ਇਕ ਮਹਿਲਾ ਆਰਤੀ ਦੇਵੀ ਤੇ ਇਕ ਵਿਅਕਤੀ ਭਰਤਪਾਲ ਨੂੰ ਕਈ ਵਾਰ ਬੈਠੇ ਦੇਖਿਆ ਸੀ | ਇਸ ਤੋਂ ਬਾਅਦ ਇਕ ਦਿਨ ਜਦੋਂ ਉਨ੍ਹਾਂ ਦੋਵਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ 15 ਲੱਖ ਰੁਪਏ ਦੀ ਠੱਗੀ ਹੋਈ ਹੈ ਅਤੇ ਉਨ੍ਹਾਂ ਦੀ ਸ਼ਿਕਾਇਤ ਸੈਕਟਰ-2 ਥਾਣੇ ਵਿਖੇ ਪੈਂਡਿੰਗ ਹੈ | ਇਸ 'ਤੇ ਡੀ. ਐੱਸ. ਪੀ. ਸੁਰਿੰਦਰ ਸਿੰਘ ਨੇ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ | ਅਗਲੇ ਦਿਨ ਭਰਤਪਾਲ ਨੇ ਉਸ ਅੱਗੇ ਇਕ ਸਸਤੀ ਕੋਠੀ ਖ਼ਰੀਦਣ ਦੀ ਪੇਸ਼ਕਸ਼ ਕੀਤੀ | ਪਹਿਲਾਂ ਚੰਡੀਗੜ੍ਹ 'ਚ ਕੋਠੀ ਦਿਖਾਈ ਗਈ, ਪਰ ਉਨ੍ਹਾਂ ਪੰਚਕੂਲਾ 'ਚ ਕੋਠੀ ਲੈਣ ਦੀ ਇੱਛਾ ਜਤਾਈ | ਇਸ ਤੋਂ ਬਾਅਦ ਉਸ ਨੂੰ ਸੈਕਟਰ-26 ਪੰਚਕੂਲਾ ਵਿਖੇ 14 ਮਰਲੇ ਦੀ ਕੋਠੀ ਦਿਖਾਈ ਗਈ, ਜੋ ਕਿ ਦਿੱਲੀ ਰਹਿਣ ਵਾਲੀ ਅਲਕਾ ਠਾਕੁਰ ਦੀ ਦੱਸੀ ਗਈ ਸੀ | ਇਸ ਸੌਦੇ ਲਈ ਵਕੀਲ ਰਾਜਕੁਮਾਰ ਭਾਟੀਆ ਨੇ ਕਾਗਜ਼ਾਤ ਅਤੇ ਨਕਲੀ ਵਸੀਅਤ ਦਿਖਾਈ | ਉਨ੍ਹਾਂ ਨੂੰ ਦੱਸਿਆ ਗਿਆ ਕਿ ਕੁੱਲ 2 ਕਰੋੜ ਰੁਪਏ 'ਚ ਕੋਠੀ ਮਿਲ ਜਾਵੇਗੀ ਤੇ ਰਕਮ ਵੱਖ-ਵੱਖ ਕਿਸ਼ਤਾਂ 'ਚ ਦੇਣੀ ਪਵੇਗੀ | ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਮੁਲਜ਼ਮਾਂ ਨੇ ਡੀ. ਐੱਸ. ਪੀ. ਨਾਲ 53 ਲੱਖ ਰੁ. ਦੀ ਠੱਗੀ ਮਾਰ ਲਈ | ਬਾਅਦ 'ਚ ਸਚਾਈ ਸਾਹਮਣੇ ਆਉਣ 'ਤੇ ਮੁਲਜ਼ਮਾਂ ਨੇ ਉਸ ਨੂੰ 6 ਲੱਖ ਰੁ. ਵਾਪਸ ਕਰ ਦਿੱਤੇ, ਜਦਕਿ 47 ਲੱਖ ਰੁ. ਬਾਕੀ ਰਹਿ ਗਏ | ਇਸ ਮਾਮਲੇ ਸੰਬੰਧੀ ਡੀ. ਐੱਸ. ਪੀ. ਸੁਰਿੰਦਰ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ, ਪਰ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਮੰਤਰੀ ਗੋਇਲ ਨੂੰ ਅਰਜ਼ੀ ਦਿੱਤੀ, ਜਿਸ ਤੋਂ ਬਾਅਦ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਗਈ | ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਟੇਟ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਸਤਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਕੁੱਲ 6 ਮੁਲਜ਼ਮ ਰਾਜਕੁਮਾਰ ਭਾਟੀਆ, ਆਰਤੀ ਦੇਵੀ, ਭਰਤਪਾਲ, ਨਾਇਬ ਸਿੰਘ ਅਤੇ ਸੁਖਵਿੰਦਰ ਕੌਰ ਆਦਿ ਸ਼ਾਮਿਲ ਹਨ, ਜਿਨ੍ਹਾਂ ਨੇ ਮਿਲ ਕੇ 53 ਲੱਖ ਰੁ. ਦੀ ਠੱਗੀ ਮਾਰੀ ਹੈ | ਇਸ ਮਾਮਲੇ 'ਚ ਰਾਜਕੁਮਾਰ ਭਾਟੀਆ ਜ਼ਮਾਨਤ 'ਤੇ ਹੈ, ਜਦਕਿ ਭਰਤਪਾਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ | ਇਸ ਤੋਂ ਇਲਾਵਾ ਇਕ ਮੁਲਜ਼ਮ ਕੁਲਵਿੰਦਰ ਪੁਹਾਲ ਨੂੰ ਕਾਬੂ ਕਰ ਲਿਆ ਗਿਆ ਹੈ |