ਚੰਡੀਗੜ੍ਹ, 6 ਨਵੰਬਰ (ਮਾਰਕੰਡਾ)-ਪੀ. ਜੀ. ਆਈ. ਚੰਡੀਗੜ੍ਹ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਤੇ ਥੈਲੇਸੀਮਿਕ ਚੈਰੀਟੇਬਲ ਟਰੱਸਟ ਵਲੋਂ ਬਲੱਡ ਡੋਨੇਸ਼ਨ ਕੰਪਲੈਕਸ ਕਮਰਾ ਨੰਬਰ 107 ਵਿਚ ਟਰੱਸਟ ਦਾ 344ਵਾਂ ਖੂਨਦਾਨ ਕੈਂਪ ਲਗਾਇਆ। ਇਹ ਕੈਂਪ ਥੈਲੇਸੀਮੀਆ ਦੇ ਮਰੀਜ਼ਾਂ ਤੇ ਖ਼ੂਨ ਦੀ ਲੋੜ ਵਾਲੇ ਹੋਰ ਗੰਭੀਰ ਮਰੀਜ਼ਾਂ ਨੂੰ ਸਮਰਪਿਤ ਰਿਹਾ। ਥੈਲੇਸੀਮਿਕ ਚੈਰੀਟੇਬਲ ਟਰੱਸਟ ਨੇ ਖ਼ੂਨਦਾਨੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਥੈਲੇਸੀਮੀਆ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਇਕ ਵਿਸ਼ੇਸ਼ ਡੈਸਕ ਵੀ ਸਥਾਪਿਤ ਕੀਤਾ। ਇਸ ਕੈਂਪ ਦੌਰਾਨ ਕੁੱਲ 33 ਸਤਿਕਾਰਯੋਗ ਖ਼ੂਨਦਾਨੀਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਪ੍ਰੋ. (ਡਾ.) ਆਰ. ਆਰ. ਸ਼ਰਮਾ ਮੁਖੀ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਤੇ ਏ. ਪੀ. ਸਿੰਘ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਨੇ ਇਸ ਕੈਂਪ ਦੀ ਸਫਲਤਾ ਲਈ ਖ਼ੂਨਦਾਨੀਆਂ, ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੀ ਟੀਮ ਤੇ ਥੈਲੇਸੀਮਿਕ ਚੈਰੀਟੇਬਲ ਟਰੱਸਟ ਦੇ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਆਮ ਲੋਕਾਂ ਨੂੰ ਖ਼ੂਨ ਦੀ ਲੋੜ ਵਾਲੇ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਵੈ-ਇੱਛਿਤ ਖੂਨਦਾਨ ਦੀ ਮਹੱਤਤਾ ਤੇ ਲੋੜ ਬਾਰੇ ਵੀ ਜਾਗਰੂਕ ਕੀਤਾ। ਥੈਲੇਸੀਮਿਕ ਚੈਰੀਟੇਬਲ ਟਰੱਸਟ ਦੇ ਮੈਂਬਰ ਏ. ਪੀ. ਸਿੰਘ, ਐੱਮ. ਐੱਲ. ਗਾਂਧੀ, ਬਲਰਾਜ ਸਿੰਘ ਗਿੱਲ ਅਤੇ ਅਮਿਤ ਸੂਦ ਨੇ ਵੀ ਇਸ ਕੈਂਪ ਵਿਚ ਸ਼ਮੂਲੀਅਤ ਕੀਤੀ।