ਪਟਨਾ/ਆਰਾ, 6 ਨਵੰਬਰ (ਪੀ.ਟੀ.ਆਈ.)-ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪਟਨਾ ਦੇ ਮਨੇਰ ਇਲਾਕੇ ’ਚ ਪੁਲਿਸ ਨਾਲ ਹੋਈ ਗੋਲੀਬਾਰੀ ਦੌਰਾਨ ਤਿੰਨ ਸ਼ੱਕੀ ਅਪਰਾਧੀ ਮਾਰੇ ਗਏ। ਇਕ ਪੁਲਿਸ ਅਧਿਕਾਰੀ ਵਾਲ-ਵਾਲ ਬਚ ਗਿਆ, ਇਕ ਗੋਲੀ ਉਸ ਦੀ ਵਰਦੀ ਨੂੰ ਛੂਹ ਕੇ ਲੰਘ ਗਈ। ਪਟਨਾ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸ.ਐਸ.ਪੀ.) ਕਾਰਤਿਕੇਯ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਪਟਨਾ ਜ਼ਿਲ੍ਹੇ ਦੇ ਸ਼ੇਰਪੁਰ ਖੇਤਰ ’ਚ ਵਾਪਰੀ, ਜਦੋਂ ਐਸ.ਟੀ.ਐਫ. ਅਤੇ ਜ਼ਿਲ੍ਹਾ ਪੁਲਿਸ ਦੀ ਸਾਂਝੀ ਟੀਮ ਗਸ਼ਤ ’ਤੇ ਸੀ।
ਅਧਿਕਾਰੀ ਨੇ ਦੱਸਿਆ ਕਿ ਇਹ ਸੂਚਨਾ ਮਿਲਣ ’ਤੇ ਕਿ ਕੁਝ ਅਜਿਹੇ ਲੋਕ, ਜਿਨ੍ਹਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ, ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਉੱਥੇ ਇਕੱਠੇ ਹੋਏ ਹਨ, ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਉੱਥੇ ਪਹੁੰਚਦਿਆਂ ਹੀ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਮਨੇਰ ਥਾਣੇ ਦੇ ਐਸ.ਐਚ.ਓ. ਅਤੇ ਉਨ੍ਹਾਂ ਦੀ ਟੀਮ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਤਿੰਨ ਮੁਲਜ਼ਮ ਜ਼ਖ਼ਮੀ ਹੋ ਗਏ।’ਸ਼ਰਮਾ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਉਨ੍ਹਾਂ ਦੱਸਿਆ ਕਿ ਸ਼ੱਕੀ ਅਪਰਾਧੀਆਂ ਵਲੋਂ ਚਲਾਈ ਗਈ ਇਕ ਗੋਲੀ ਐਸ.ਐਚ.ਓ. ਦੀ ਵਰਦੀ ਨੂੰ ਛੂਹ ਕੇ ਲੰਘ ਗਈ ਸੀ। ਐਸ.ਐਸ.ਪੀ. ਅਨੁਸਾਰ, ਇਹ ਤਿੰਨੇ ਵਿਅਕਤੀ ਦਾਨਾਪੁਰ, ਸ਼ਾਹਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਥਾਣਿਆਂ ’ਚ ਦਰਜ ਕਈ ਮਾਮਲਿਆਂ ’ਚ ਲੋੜੀਂਦੇ ਸਨ। ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਦਾਨਾਪੁਰ ਦੇ ਜੈਪ੍ਰਕਾਸ਼ ਯਾਦਵ ਅਤੇ ਸ਼ਾਹਪੁਰ ਖੇਤਰ ਦੇ ਰਾਜਾ ਕੁਮਾਰ ਤੇ ਬਬਲੂ ਯਾਦਵ ਵਜੋਂ ਕੀਤੀ।