ਐੱਸ. ਏ. ਐੱਸ. ਨਗਰ, 13 ਫਰਵਰੀ (ਪ੍ਰੋ. ਅਵਤਾਰ ਸਿੰਘ)-ਨਸ਼ਿਆਂ ਦੇ ਖ਼ਿਲਾਫ਼ ਜੰਗ 'ਚ ਮਾਵਾਂ ਪਹਿਲੀ ਰੱਖਿਆ ਕਵਚ ਹਨ ਕਿਉਂਕਿ ਉਹੀ ਸਭ ਤੋਂ ਪਹਿਲਾਂ ਬੱਚਿਆਂ ਦੇ ਵਿਵਹਾਰ 'ਚ ਆਉਣ ਵਾਲੇ ਬਦਲਾਅ ਨੂੰ ਨੋਟ ਕਰਦੀਆਂ ਹਨ ਅਤੇ ਮਦਦ ਲਈ ਕਦਮ ਚੁੱਕਦੀਆਂ ਹਨ | ਇਹ ਪ੍ਰਗਟਾਵਾ ਪੰਜਾਬ ਲਿਟ ਫਾਊਾਡੇਸ਼ਨ ਦੀ ਸਹਿ-ਸੰਸਥਾਪਕ ਸਨ੍ਹਾ ਕੌਸ਼ਲ ਨੇ ਅੱਜ ਸਥਾਨਕ ਫੇਜ਼-3ਬੀ1 ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਵਾਂ ਨੂੰ ਸੰਬੋਧਨ ਕਰਨ ਮੌਕੇ ਕੀਤਾ | ਸਨ੍ਹਾ ਕੌਸ਼ਲ, ਜੋ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਮੀਡੀਆ ਸਲਾਹਕਾਰ ਵੀ ਹਨ, ਪੰਜਾਬ ਲਿਟ ਫਾਊਾਡੇਸ਼ਨ ਵਲੋਂ ਸਤੰਬਰ 2024 'ਚ ਸ਼ੁਰੂ ਕੀਤੀ 'ਮਦਰਜ਼ ਅਗੈਂਸਟ ਡਰੱਗਜ਼' ਮੁਹਿੰਮ ਤਹਿਤ ਕਰਵਾਈਆਂ ਗਈਆਂ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ | ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ ਤਿੰਨ ਵਰਕਸ਼ਾਪਾਂ ਦੌਰਾਨ ਅੱਜ ਲਗਭਗ 400 ਮਾਵਾਂ ਨੂੰ ਜਾਗਰੂਕ ਕੀਤਾ ਗਿਆ | ਇਸ ਤੋਂ ਪਹਿਲਾਂ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ 'ਚੋਂ ਨਸ਼ੇ ਦੀ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ | ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਹੁਸ਼ਿਆਰਪੁਰ 'ਚ ਉਸ ਸਮੇਂ ਸ਼ੁਰੂ ਕੀਤਾ ਗਿਆ ਸੀ, ਜਦੋਂ ਉਹ ਉਥੇ ਡਿਪਟੀ ਕਮਿਸ਼ਨਰ ਸਨ | ਇਹ ਪਹਿਲਕਦਮੀ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਸਹਿ-ਸੰਸਥਾਪਕ ਪੰਜਾਬ ਲਿਟ ਫਾਊਾਡੇਸ਼ਨ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ | ਇਸ ਦਾ ਉਦੇਸ਼ ਮਾਵਾਂ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਜੋ ਉਹ ਪੰਜਾਬ ਦੇ ਨੌਜਵਾਨਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਹੀ ਨਸ਼ੇ ਵਰਗੀ ਅਲਾਮਤ ਤੋਂ ਬਚਾ ਸਕਣ | ਇਸ ਮੌਕੇ ਖੁਸ਼ਵੰਤ ਸਿੰਘ ਨੇ ਕਿਹਾ ਕਿ ਮਾਵਾਂ ਘਰ ਦੀ ਉਹ ਆਦਿ੍ਸ਼ ਸ਼ਕਤੀ ਹਨ, ਜਿਨ੍ਹਾਂ ਨੂੰ ਮਜ਼ਬੂਤ ਕਰਕੇ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਬੱਚੇ ਨਸ਼ਿਆਂ ਦੇ ਘਾਤਕ ਜਾਲ 'ਚ ਨਾ ਫਸਣ | ਉਨ੍ਹਾਂ ਸੈਸ਼ਨਾਂ 'ਚ ਸ਼ੁਰੂਆਤੀ ਦਖ਼ਲਅੰਦਾਜ਼ੀ ਲਈ ਵਰਤੋਂ ਯੋਗ ਰਣਨੀਤੀਆਂ ਵੀ ਸਾਂਝੀਆਂ ਕੀਤੀਆਂ | ਇਸੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਗਿੰਨੀ ਦੁੱਗਲ ਨੇ ਕਿਹਾ ਕਿ ਅੱਜ ਦਾ ਸੈਸ਼ਨ ਇਸ ਲੜੀ ਦਾ ਪਹਿਲਾ ਪ੍ਰੋਗਰਾਮ ਸੀ ਅਤੇ ਭਵਿੱਖ 'ਚ ਜ਼ਿਲ੍ਹੇ 'ਚ ਅਜਿਹੇ ਹੋਰ ਸੈਸ਼ਨ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਹ ਵਰਕਸ਼ਾਪਾਂ ਸਰਕਾਰੀ ਸਕੂਲਾਂ ਦੇ ਨਾਲ-ਨਾਲ ਨਿੱਜੀ ਸਕੂਲਾਂ 'ਚ ਵੀ ਕਰਵਾਈਆਂ ਜਾਣਗੀਆਂ |