ਚੰਡੀਗੜ੍ਹ, 14 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)-ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਦੇ ਸਮਗਰ ਸਿੱਖਿਆ ਵਿੰਗ ਵਲੋਂ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ (ਖਿਡਾਰੀਆਂ) ਲਈ ਸਮਾਵੇਸ਼ੀ ਸਾਲਾਨਾ ਖੇਡ ਮੇਲਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-23ਏ ਵਿਚ ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ਸਰਕਾਰੀ ਸਕੂਲਾਂ ਦੇ ਕਰੀਬ 171 ਖਿਡਾਰੀਆਂ ਨੇ ਹਿੱਸਾ ਲਿਆ | ਸਿੱਖਿਆ ਸਕੱਤਰ ਸਿੱਖਿਆ ਪ੍ਰੇਰਣਾ ਪੁਰੀ (ਆਈ.ਏ.ਐੱਸ) ਅਤੇ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਨਿਤੀਸ਼ ਸਿੰਗਲਾ (ਪੀ.ਸੀ.ਐੱਸ.) ਨੇ ਖੇਡ ਮੈਦਾਨ ਵਿਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਖੇਡਾਂ ਦਾ ਨਿਰੀਖਣ ਕੀਤਾ | 12 ਅਤੇ 13 ਫਰਵਰੀ ਨੂੰ ਕਰਵਾਏ ਗਏ ਖੇਡ ਮੇਲੇ ਵਿਚ ਸਕੂਲ, ਕਲੱਸਟਰ ਅਤੇ ਰਾਜ ਪੱਧਰੀ ਪੜਾਅਵਾਰ ਖੇਡਾਂ ਕਰਾਈਆਂ ਗਈਆਂ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਦਾ ਮੌਕਾ ਮਿਲ ਸਕੇ | ਖੇਡ ਮੇਲੇ ਦੌਰਾਨ ਬੈਡਮਿੰਟਨ, ਕ੍ਰਿਕਟ, ਫੁੱਟਬਾਲ ਅਤੇ ਸੌਫਟਬਾਲ ਆਦਿ ਖੇਡਾਂ ਦੇ ਮੁਕਾਬਲੇ ਕਰਾਏ ਗਏ | ਇਸ ਖੇਡ ਮੇਲੇ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ 26 ਫਰਵਰੀ ਨੂੰ ਸਪੋਰਟਸ ਕੰਪਲੈਕਸ ਸੈਕਟਰ 7 ਵਿਚ ਕਰਵਾਈ ਜਾਣ ਵਾਲੀ ਸਾਲਾਨਾ ਐਥਲੈਟਿਕਸ ਸਪੋਰਟਸ ਮੀਟ ਦੇ ਇਨਾਮ ਵੰਡ ਸਮਾਰੋਹ ਵਿਖੇ ਸਨਮਾਨਿਤ ਕੀਤਾ ਜਾਵੇਗਾ |