ਪੰਚਕੂਲਾ, 18 ਫਰਵਰੀ (ਕਪਿਲ)-ਪੰਚਕੂਲਾ ਕ੍ਰਾਈਮ ਬ੍ਰਾਂਚ-26 ਦੀ ਟੀਮ ਨੇ ਇਕ ਮੋਟਰਸਾਈਕਲ ਚੋਰ ਨੂੰ ਗਿ੍ਫ਼ਤਾਰ ਕਰਨ 'ਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ | ਮੁਲਜ਼ਮ ਦੀ ਪਛਾਣ 28 ਸਾਲਾ ਨੌਜਵਾਨ ਵਜੋਂ ਹੋਈ ਹੈ, ਜੋ ਕਿ ਫਰੀਦਕੋਟ (ਪੰਜਾਬ) ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਹਾਲ ਹੀ 'ਚ ਮੁਹਾਲੀ 'ਚ ਰਹਿ ਰਿਹਾ ਸੀ | ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਕ੍ਰਾਈਮ ਮਨਪ੍ਰੀਤ ਸੂਦਨ ਨੇ ਦੱਸਿਆ ਕਿ ਮੁਲਜ਼ਮ ਚੋਰੀ ਕੀਤੀਆਂ ਮੋਟਰਸਾਈਕਲਾਂ ਆਪਣੇ ਹੀ ਜਾਣ-ਪਛਾਣ ਵਾਲਿਆਂ ਨੂੰ ਅੱਧੀ ਕੀਮਤ 'ਤੇ ਵੇਚ ਦਿੰਦਾ ਸੀ ਅਤੇ ਬਾਕੀ ਅੱਧੇ ਪੈਸੇ ਲੈ ਕੇ ਮੋਟਰਸਾਈਕਲ ਟ੍ਰਾਂਸਫ਼ਰ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਦਾ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ 'ਚੋਂ 9 ਮੋਟਰਸਾਈਕਲਾਂ ਤੇ 2 ਸਕੂਟੀਆਂ ਬਰਾਮਦ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਾਸ ਤੌਰ 'ਤੇ ਸਪਲੈਂਡਰ ਮੋਟਰਸਾਈਕਲ ਨੂੰ ਨਿਸ਼ਾਨਾ ਬਣਾਉਂਦਾ ਸੀ ਕਿਉਂਕਿ ਇਹ ਚੋਰੀ ਕਰਨਾ ਆਸਾਨ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਹਿਲਾਂ ਵੀ ਲਗਭਗ 10 ਮਹੀਨੇ ਜੇਲ੍ਹ ਕੱਟ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਰਾਮਗੜ੍ਹ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮ ਨਸ਼ਾ ਕਰਨ ਦਾ ਆਦੀ ਹੈ ਤੇ ਲੰਮੇ ਸਮੇਂ ਤੋਂ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਮੁਲਜ਼ਮ ਨੂੰ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ |