ਮੁੱਲਾਂਪੁਰ ਗਰੀਬਦਾਸ, 18 ਫਰਵਰੀ (ਦਿਲਬਰ ਸਿੰਘ ਖੈਰਪੁਰ)-ਅੱਜ ਕੁਰਾਲੀ ਤੋਂ ਬੱਦੀ ਮੁੱਖ ਮਾਰਗ 'ਤੇ ਇਕ ਤੇਜ਼ ਰਫ਼ਤਾਰ ਗੱਡੀ ਸ਼ਿਵਾਲਿਕ ਪਹਾੜੀਆਂ 'ਚ ਵਸਦੇ ਪਿੰਡ ਸਿਸਵਾਂ ਨੇੜੇ ਹਾਦਸਾ-ਗ੍ਰਸਤ ਹੋ ਗਈ | ਇਸ ਸੰਬੰਧ 'ਚ ਡਰਾਈਵਰ ਨੇ ਦੱਸਿਆ ਕਿ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਇਹ ਹਾਦਸਾ ਵਾਪਰ ਗਿਆ | ਉਨ੍ਹਾਂ ਕਿਹਾ ਕਿ ਡੂੰਘੀ ਖਾਈ 'ਚ ਡਿੱਗਣ ਦੇ ਬਾਵਜੂਦ ਹਾਦਸਾਗ੍ਰਸਤ ਕਾਰ ਦੇ ਡਰਾਈਵਰ ਸਮੇਤ ਸਾਰੇ ਕਾਰ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ | ਉਧਰ ਟ੍ਰੈਫ਼ਿਕ ਇੰਚਾਰਜ ਏ. ਐੱਸ. ਆਈ. ਸੁਖਮੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਤੇ ਉਸ ਦੇ ਤਿੰਨ ਹੋਰ ਸਾਥੀ ਬੱਦੀ ਤੋਂ ਚੰਡੀਗੜ੍ਹ ਜਾ ਰਹੇ ਸਨ | ਉਨ੍ਹਾਂ ਦੱਸਿਆ ਕਿ ਚਾਲਕ ਗੁੱਡੂ ਗੁਪਤਾ ਦੇ ਦੱਸਣ ਅਨੁਸਾਰ ਉਸ ਵਲੋਂ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇਹ ਹਾਦਸਾ ਵਾਪਰ ਗਿਆ | ਇਸ ਦੌਰਾਨ ਉਨ੍ਹਾਂ ਦੀ ਗੱਡੀ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਪਲਟੀਆਂ ਖਾ ਗਈ, ਪਰ ਕਾਰ ਸਵਾਰ ਸਾਰੇ ਹੀ ਵਿਅਕਤੀਆਂ ਨੂੰ ਰਾਹਗੀਰਾਂ ਵਲੋਂ ਬਾਹਰ ਕੱਢ ਲਿਆ ਗਿਆ |